Monday, December 23, 2024

ਲੇਖਕ ਮੰਚ ਦੀ ਪਾਸ਼ ਤੇ ਭਾਅ ਜੀ ਯਾਦਗਾਰੀ ਮੀਟਿੰਗ ‘ਚ ਰਘਬੀਰ ਸਿੰਘ ਭਰਤ ਦਾ ਸਨਮਾਨ

ਸਮਰਾਲਾ, 15 ਸਤੰਬਰ (ਇੰਦਰਜੀਤ ਸਿੰਘ ਕੰਗ) – ਗੁਰਸ਼ਰਨ ਭਾਅ ਜੀ ਤੇ ਅਵਤਾਰ ਪਾਸ਼ ਸਾਡੇ ਸਮਿਆਂ ਦੇ ਉਹ ਸਿਰਜ਼ਕ ਤੇ ਨਾਇਕ ਹਨ, ਜਿਹਨਾਂ ਦੀ ਜੀਵਨ ਜਾਚ ਅਤੇ ਘਾਲਣਾ ਨੂੰ ਬਰੀਕੀ ਨਾਲ ਸਮਝਣਾ, ਵਰਤਮਾਨ ਤੇ ਆਉਣ ਵਾਲੇ ਵਕਤਾਂ ‘ਚ ਸਾਡਾ ਰਾਹ ਦਸੇਰਾ ਬਣਦਾ ਰਹੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੇਖਕ ਮੰਚ (ਰਜਿ:) ਸਮਰਾਲਾ ਦੀ ਇਕੱਤਰਤਾ ਵਿੱਚ ਬੋਲਦਿਆਂ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਨੇ ਹਾਜ਼ਰ ਮੈਂਬਰਾਨ ਸਾਹਵੇਂ ਕੀਤਾ।
                ਇਸ ਉਪਰੰਤ ਮੰਚ ਦੇ ਸਰਪ੍ਰਸਤ ਪ੍ਰਿੰ: (ਡਾ:) ਪਰਮਿੰਦਰ ਸਿੰਘ ਬੈਨੀਪਾਲ ਨੇ ਪਿਛਲੇ 6 ਦਹਾਕਿਆਂ ਤੋਂ ਲਗਾਤਾਰ ਸਾਹਿਤ ਸਿਰਜਣਾ ਤੇ ਖੋਜਕਾਰੀ ਦੇ ਖੇਤਰ ਵਿੱਚ ਸਰਗਰਮ ਦਰਵੇਸ਼ ਸਿਰਜ਼ਕ ਰਘਬੀਰ ਸਿੰਘ ਭਰਤ ਬਾਰੇ ਬੋਲਦਿਆਂ ਦੱਸਿਆ ਕਿ ਉਨਾਂ ਨੇ ਘਰੇਲੂ ਦੁਸ਼ਵਾਰੀਆਂ ਦਾ ਸਿਦਕਦਿਲੀ ਨਾਲ ਮੁਕਾਬਲਾ ਕਰਦਿਆਂ, ਕਿੰਨੀ ਮੁੱਲਵਾਨ ਸਾਹਿਤ ਸੇਵਾ ਕੀਤੀ ਹੈ।ਡਾਕਟਰ ਸਾਹਿਬ ਨੇ ਵੱਖ-ਵੱਖ ਹਵਾਲਿਆਂ ਨਾਲ ਭਰਤ ਹੁਰਾਂ ਦੀ ਸਖਸ਼ੀਅਤ ਬਾਰੇ ਰੌਸ਼ਨੀ ਪਾਈ।ਉਹਨਾਂ ਦੇ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਸਾਹਿਤ ਸਭਾ ਮਾਛੀਵਾੜਾ ਦੇ ਪ੍ਰਧਾਨ ਟੀ. ਲੋਚਨ ਤੇ ਲੇਖਕ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸ਼ਾਹੀ ਨੇ ਵੀ ਰਘਬੀਰ ਸਿੰਘ ਭਰਤ ਹੁਰਾਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ।
               ਸਾਹਿਤਕ ਰਚਨਾਵਾਂ ਦੇ ਪ੍ਰਵਾਹ ਵਿੱਚ ਚਰਚਿਤ ਗੀਤਕਾਰ ਹਰਬੰਸ ਮਾਲਵਾ ਨੇ ਸਾਹਿਤਕ ਗੀਤ ‘ਤੁਸੀਂ ਲਿਖੋ ਕਾਨੂੰਨ, ਅਸੀਂ ਇਤਿਹਾਸ ਲਿਖਾਂਗੇ’ ਰਾਹੀਂ ਕਿਸਾਨ ਅੰਦੋਲਨ ਦੀ ਬਾਤ ਛੋਹੀ।ਅਵਤਾਰ ਸਿੰਘ ਉਟਾਲਾਂ ਦੀ ਕਵਿਤਾ ‘ਮੈਂ ਵਲ੍ਹੋਂ ਪਿਛੋਂ ਆਉ’’, ਜਗਦੇਵ ਸਿੰਘ ਘੁੰਗਰਾਲੀ ਦੇ ਦੋ ਗੀਤ ‘ਮੋਮਬੱਤੀ’ ਤੇ ‘ਚੁਪ ਰਿਹਾ ਤਾਂ ਹਨੇਰਾ ਹਰੇਗਾ ਕਿਵੇਂ?’ ਬਾਰੇ ਭਰਪੂਰ ਚਰਚਾ ਹੋਈ।ਕੇਵਲ ਕੁੱਲੇਵਾਲੀਆ ਦਾ ‘ਕਟਾਣਾ ਸਾਹਿਬ ਬਾਰੇ’ ਗੀਤ, ਕਰਮਜੀਤ ਬਾਸੀ ਦੀ ਮਾੜੇ ਸਿਆਸੀ ਲੀਡਰਾਂ ਨੂੰ ਫਿਟਕਾਰ ਪਾਉਂਦੀ ਕਵਿਤਾ, ਰਘਬੀਰ ਸਿੰਘ ਭਰਤ, ਹਰਬੰਸ ਸਿੰਘ ਸ਼ਾਨ, ਕਰਮ ਸਿੰਘ ਮਾਛੀਵਾੜਾ, ਕਸ਼ਮੀਰ ਸਿੰਘ ਕਸ਼ਮੀਰ ਦੀਆਂ ਕਾਵਿ ਵੰਨਗੀਆਂ ਨੇ ਆਪਣਾ ਸਾਹਿਤਕ ਰੰਗ ਬਿਖੇਰਿਆ।ਚਰਚਿਤ ਗ਼ਜ਼ਲਗੋ ਟੀ. ਲੋਚਨ ਹੁਰਾਂ ਆਪਣੀਆਂ ਕੁੱਝ ਚੁਨਿੰਦਾ ਗ਼ਜ਼ਲਾਂ ਦੇ ਚੋਣਵੇਂ ਸ਼ਿਅਰ ਪੇਸ਼ ਕਰਨ ਉਪਰੰਤ ਦੋ ਗ਼ਜ਼ਲਾਂ ਨਾਲ ਭਰਪੂਰ ਵਾਹ-ਵਾਹ ਹਾਸਲ ਕੀਤੀ।
                 ਰਚਨਾਵਾਂ ਬਾਰੇ ਵਿੱਚ ਗੁਰਭਗਤ ਸਿੰਘ ਗਿੱਲ, ਰਾਜਵਿੰਦਰ ਸਮਰਾਲਾ, ਡਾ. ਪਰਮਿੰਦਰ ਸਿੰਘ ਬੈਨੀਪਾਲ ਹੁਰਾਂ ਬੇਬਾਕੀ ਨਾਲ ਆਪਣੀ ਰਾਇ ਰੱਖੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਬਦੁਲ ਖਾਨ, ਬੀਬੀ ਅਮਰਜੀਤ ਕੌਰ, ਰਾਜਦੀਪ ਦਿੱਗਪਾਲ, ਲਖਵੀਰ ਸਿੰਘ ਬਲਾਲਾ ਵੀ ਹਾਜ਼ਰ ਸਨ।ਅੰਤ ’ਚ ਪ੍ਰਿੰ: ਬੈਨੀਪਾਲ ਨੇ ਭਾਰੀ ਬਾਰਿਸ਼ ਦੇ ਬਾਵਜ਼ੂਦ ਸਫ਼ਲ ਮੀਟਿੰਗ ‘ਚ ਹਿੱਸਾ ਲੈਣ ਲਈ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …