Monday, December 23, 2024

ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ 13 ਹਜ਼ਾਰ ਲੀਟਰ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਤ

ਕੋਰੋਨਾ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਿਹਤ ਕਰਮੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵੱਲ੍ਹਾ ਵਿਖੇ 13 ਹਜ਼ਾਰ ਲੀਟਰ ਦੀ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤਾ ਗਿਆ।ਇਸ ਆਕਸੀਜਨ ਪਲਾਂਟ ਨਾਲ ਸ਼੍ਰੋਮਣੀ ਕਮੇਟੀ ਦੇ ਹਸਪਤਾਲ ਆਕਸੀਜਨ ਲਈ ਸਵੈ-ਨਿਰਭਰ ਹੋ ਕੇ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਣਗੇ।
                   ਪਲਾਂਟ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ਵਿਚ ਆਕਸੀਜਨ ਦੀ ਪੈਦਾ ਹੋਈ ਕਿੱਲਤ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਨੇ ਆਪਣਾ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਸੀ।ਉਨਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਮਾਨਵਤਾ ਦੀ ਭਲਾਈ ਲਈ ਤੱਤਪਰ ਰਹਿੰਦੀ ਹੈ ਅਤੇ ਕੋਰੋਨਾ ਦੇ ਪ੍ਰਕੋਪ ਦੌਰਾਨ ਵੀ ਇਸ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ। ਜਿਥੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੂੰ ਮੁਕੰੰਮਲ ਤੌਰ ’ਤੇ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕੀਤਾ ਗਿਆ ਸੀ, ਉਥੇ ਹੀ ਪੂਰੇ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਮੁੰਬਈ ਵਿਖੇ ਆਰਜ਼ੀ ਤੌਰ ’ਤੇ ਕੋਰੋਨਾ ਵਾਰਡ ਬਣਾ ਕੇ ਵੀ ਮੁਫਤ ਸਿਹਤ ਸੇਵਾਵਾਂ ਦਿੱਤੀਆਂ ਗਈਆਂ।ਉਨ੍ਹਾਂ ਆਕਸੀਜਨ ਪਲਾਂਟ ਦੀ ਸਮਰੱਥਾ ਬਾਰੇ ਦੱਸਿਆ ਕਿ ਇਸ ਵਿਚ ਹਰ ਸਮੇਂ 13 ਹਜ਼ਾਰ ਲੀਟਰ ਆਕਸੀਜਨ ਦਾ ਸਟਾਕ ਜਮ੍ਹਾ ਰਹੇਗਾ ਅਤੇ ਇਸ ਦੇ ਨਾਲ ਹੀ 100 ਵੈਂਟੀਲੇਟਰ ਵੀ ਹਰ ਸਮੇਂ ਤਿਆਰ ਰਹਿਣਗੇ।
                  ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੋਰੋਨਾ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਸਟਾਫ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅਮਰੀਕ ਸਿੰਘ ਵਿਛੋਆ, ਅਮਰਜੀਤ ਸਿੰਘ ਭਲਾਈਪੁਰ, ਖੁਸ਼ਵਿੰਦਰ ਸਿੰਘ ਭਾਟੀਆ, ਕੁਲਦੀਪ ਸਿੰਘ ਨੱਸੂਪੁਰ, ਜੋਧ ਸਿੰਘ ਸਮਰਾ, ਸੁਖਵਰਸ਼ ਸਿੰਘ ਪੰਨੂੰ, ਸੁੱਖਾ ਸਿੰਘ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੀ.ਸੀ. ਡਾ. ਦਲਜੀਤ ਸਿੰਘ ਸੰਧੂ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉਪਲ, ਐਡੀਸ਼ਨਲ ਸਕੱਤਰ ਅਤੇ ਡੀਨ ਡਾ. ਏ.ਪੀ.ਸਿੰਘ, ਡੀਨ ਅਕੈਡਮਿਕ ਡਾ. ਸ਼ੌਕੀਨ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਓਐਸਡੀ. ਡਾ. ਸੁਖਬੀਰ ਸਿੰਘ, ਡਾ. ਪੰਕਜ ਆਦਿ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …