ਵੈਸੇ ਤਾਂ ਪੰਜਾਬ ਵਿੱਚ ਸਾਰਾ ਸਾਲ ਹੀ ਤਿਉਹਾਰ ਚੱਲਦੇ ਰਹਿੰਦੇ ਹਨ।ਪਰ ਸਿਆਲਾਂ ਦੀ ਆਮਦ ਦੇ ਤਿਉਹਾਰਾਂ ਵਿੱਚ ਦੁਸਹਿਰਾ ਸਭ ਤੋਂ ਪਹਿਲਾ ਖਾਸ ਤਿਉਹਾਰ ਹੈ।ਇਹ ਨੌਂ ਨਵਰਾਤਰਿਆਂ ਤੋਂ ਬਾਅਦ ਹੁੰਦਾ ਹੈ।ਦੁਸਹਿਰੇ ਦੇ ਤਿਉਹਾਰ ਨੂੰ ‘ਵਿਜਯ ਦਸ਼ਮੀ‘ ਵੀ ਕਿਹਾ ਜਾਂਦਾ ਹੈ।ਸੰਸਕ੍ਰਿਤ ਭਾਸ਼ਾ ਦਾ ਸ਼ਬਦ ‘ਵਿਜਯ’ ਜਿਸ ਦਾ ਅਰਥ ਹੈ ਜਿੱਤ।ਦੁਸਹਿਰਾ ਦਾ ਸਬੰਧ ਭਗਵਾਨ ਸ਼੍ਰੀ ਰਾਮ ਚੰਦਰ ਜੀ ਨਾਲ ਹੈ।ਜਦੋਂ ਸ਼੍ਰੀ ਰਾਮ ਚੰਦਰ ਉਨ੍ਹਾਂ ਦੀ ਪਤਨੀ ਸੀਤਾ ਅਤੇ ਛੋਟਾ ਭਰਾ ਲਛਮਣ 14 ਸਾਲਾਂ ਦਾ ਬਨਵਾਸ ਕੱਟਦੇ ਹੋਏ ਜੰਗਲ ਵਿਚ ਰਹਿ ਰਹੇ ਸਨ ਉਦੋਂ ਰਾਵਣ ਨੇ ਆਪਣੀ ਭੈਣ ਸਰੂਪਨਖਾਂ ਦੇ ਲਛਮਣ ਵੱਲੋਂ ਕੀਤੇ ਅਪਮਾਨ ਦਾ ਬਦਲਾ ਲੈਣ ਲਈ ਮਾਤਾ ਸੀਤਾ ਨੂੰ ਧੋਖੇ ਨਾਲ ਅਗ਼ਵਾ ਕੀਤਾ ਅਤੇ ਲੰਕਾ ਦੇ ਇਕ ਬਾਗ ਵਿਚ ਕੈਦ ਕਰ ਲਿਆ।ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ ਤੋਂ ਮੁਕਤ ਕਰਵਾਉਣ ਲਈ ਸੈਨਾ ਦਾ ਗਠਨ ਕਰਕੇ ਲੰਕਾ ‘ਤੇ ਹਮਲਾ ਕੀਤਾ। ਰਾਵਣ ਵੀ ਇਕ ਸ਼ਕਤੀਸ਼ਾਲੀ ਰਾਜਾ ਸੀ।ਉਂਝ ਤਾਂ ਰਾਵਣ ਬਹੁਤ ਗਿਆਨੀ ਪੰਡਤ ਸੀ, ਪਰ ਮਨ ‘ਚ ਹੰਕਾਰ ਹੋਣ ਕਾਰਨ ਯੁੱਧ ਵਿਚ ਉਸਦੀ ਹਾਰ ਹੋਈ।ਰਾਵਣ ਦਾ ਖਾਤਮਾ ਕਰਕੇ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਨੂੰ ਅਜ਼ਾਦ ਕਰਵਾਇਆ।ਇਸ ਦਿਨ ਨੂੰ ਹਰ ਸਾਲ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ।ਇਸ ਕਰਕੇ ਦੁਸਹਿਰੇ ਨੂੰ ਬਦੀ ‘ਤੇ ਨੇਕੀ ਦੀ ਜਿੱਤ ਕਿਹਾ ਜਾਦਾ ਹੈ।ਕੁੱਝ ਪੁਸਤਕਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਦਾ ਸਬੰਧ ਮਹਾਭਾਰਤ ਦੇ ਨਾਲ ਵੀ ਹੈ।
ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਰਾਵਣ ਬਹੁੱਤ ਵੱਡਾ ਵਿਦਵਾਨ ਸੀ।ਉਸਦਾ ਕਸੂਰ ਇਹ ਸੀ ਕਿ ਉਸਨੇ ਭਗਵਾਨ ਸ੍ਰੀ ਰਾਮ ਦੀ ਪਤਨੀ ਸੀਤਾ ਦਾ ਹਰਣ ਕੀਤਾ ਸੀ।ਪੜ੍ਹਣ ਤੇ ਸੁਣਨ ਦੇ ਮੁਤਾਬਿਕ ਇਸ ਦਾ ਕਾਰਨ ਇਹ ਸੀ ਕਿ ਰਾਵਣ ਦੀ ਭੈਣ ਸਰੂਪਨਖ਼ਾ ਲਕਸ਼ਮਣ ਨੂੰ ਪਸੰਦ ਕਰਦੀ ਸੀ ਤੇ ਜਤੀ-ਸਤੀ ਹੋਣ ਕਰਕੇ ਲਕਸ਼ਮਣ ਨੇ ਗੁੱਸੇ ‘ਚ ਸਰੂਪਨਖ਼ਾ ਦਾ ਨੱਕ ਵੱਡ ਦਿੱਤਾ ਸੀ।ਭੈਣ ਨਾਲ਼ ਹੋਈ ਇਸ ਬੇਇਨਸਾਫੀ ਦਾ ਬਦਲਾ ਲੈਣ ਲੈਈ ਰਾਵਣ ਨੇ ਸੀਤਾ ਹਰਣ ਕੀਤਾ।ਰਾਵਣ ਨੇ ਸੀਤਾ ਨੂੰ ਅਸ਼ੋਕ ਵਾਟਿਕਾ ‘ਚ ਰੱਖਿਆ, ਜਿੱਥੇ ਉਸਦੇ ਖਾਣ-ਪੀਣ ਤੇ ਆਰਾਮ ਦਾ ਪੂਰਨ ਪ੍ਰਬੰਧ ਕੀਤਾ ਗਿਆ ਸੀ।ਉਹ ਪੂਰੀ ਤਰ੍ਹਾਂ ਮਹਿਫੂਜ਼ ਸੀ।ਇਹ ਵੀ ਜਿਕਰਯੋਗ ਗੱਲ ਹੈ ਕਿ ਰਾਵਣ ਨੇ ਸੀਤਾ ਦਾ ਹਰਨ ਕੀਤਾ ਸੀ, ਪਰ ਉਸਦੇ ਚਰਿੱਤਰ ਉਪਰ ਕੋਈ ਦਾਗ਼ ਨਹੀਂ ਹੈ।
ਜ਼ੁਰਮ ਕੋਈ ਵੀ ਹੋਵੇ ਉਸਦੀ ਸਜ਼ਾ ਤਾਂ ਜਰੂਰ ਮਿਲਣੀ ਚਾਹੀਦੀ ਹੈ।ਰਾਵਣ ਨੂੰ ਉਸ ਦੇ ਕੀਤੇ ਦੀ ਸਜਾ ਮਿਲੀ।ਅੱਜ ਕਈ ਸਦੀਆਂ ਬਾਅਦ ਵੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਕਹਿ ਦਿੱਤਾ ਜਾਦਾ ਹੈ।ਪਰ ਅੱਜ ਜੋ ਰਾਵਣ ਸ਼ਰੇਆਮ ਤੁਰੇ ਫਿਰਦੇ ਹਨ।ਉਸ ਰਾਵਣ ਨੇ ਤਾਂ ਸੀਤਾ ਦਾ ਕੇਵਲ ਅਪਹਰਣ ਹੀ ਕੀਤਾ ਸੀ, ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ।ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।ਕੀ ਉਨ੍ਹਾਂ ਰਾਵਣਾ ਦੇ ਪੁਤਲੇ ਸਾੜਨ ਦੀ ਜਰੂਰਤ ਨਹੀਂ? ਉਹ ਤਾਂ ਅਪੀਲਾਂ ਕਰ ਕਰ ਕੇ ਆਪਣੇ ਕੀਤੇ ਜ਼ੁਰਮਾਂ ਨੂੰ ਠੰਡਾ ਕਰ ਦਿੰਦੇ ਹਨ ਤੇ ਜਿਸ ਦਿਨ ਉਨ੍ਹਾਂ ਦੇ ਜ਼ੁਰਮ ਲੋਕਾ ਦੇ ਮਨੋਂ ਵਿਸਰ ਜਾਦੇ ਹਨ, ਉਸ ਦਿਨ ਉਹ ਲੈ-ਦੇ ਕੇ ਚੁੱਪ-ਚਪੀਤੇ ਰਿਹਾਅ ਹੋ ਕੇ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋਂ ਜਾਦੇ ਹਨ।ਆਮ ਹੀ ਲੋਕ ਥੋੜੇ ਚਿਰ ਬਾਅਦ ਕਿਸੇ ਦੇ ਕੀਤੇ ਜ਼ੁਰਮਾਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ।ਪਰ ਫਿਰ ਰਾਵਣ ਵਿਚਾਰਾ ਪਤਾ ਨਹੀਂ ਕਿਉਂ ਸਦੀਆਂ ਤੋਂ ਆਪਣੇ ਕੀਤੇ ਦੀ ਸਜ਼ਾ ਭੁਗਤ ਰਿਹਾ ਹੈ।ਅਸਲ ਵਿੱਚ ਅਸੀਂ ਅਜੇ ਤੱਕ ਆਪਣੇ ਅੰਦਰ ਬੈਠੇ ਰਾਵਣਾਂ ਨੂੰ ਨਹੀਂ ਜਲਾ ਸਕੇ।ਅੱਜ ਇਸ ਕਲਯੁੱਗ ਦੇ ਸਮੇਂ ਆਸੇ ਪਾਸੇ ਨਿਗ੍ਹਾ ਮਾਰ ਕੇ ਦੇਖੀਏ ਤਾਂ ਸਾਡਾ ਆਲਾ ਦੁਆਲਾ ਹੀ ਰਾਵਣਾਂ ਨਾਲ ਭਰਿਆ ਪਿਆ ਹੈ।
ਅੱਜ ਦੁਸਹਿਰਾ ਮਨਾਉਣਾ ਸਾਡੇ ਲਈ ਧਾਰਮਿਕ ਪ੍ਰੰਪਰਾ ਨਾ ਹੋ ਕੇ ਸਿਰਫ ਮੇਲਾ ਵੇਖਣ ਵਾਲੀ ਪ੍ਰਵਿਰਤੀ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ।ਜਿਹੜਾ ਦੁਸਹਿਰਾ ਅਸੀਂ ਮੇਲੇ ਦੇ ਰੂਪ ਵਿੱਚ ਮਨਾਉਂਦੇ ਹਾਂ ਉਸ ਦੀ ਗੱਲ ਕਰੀਏ ਤਾਂ ਸਾਰੇ ਦੇਸ਼ ਵਿੱਚ ਦੁਸਹਿਰਾ ਕਿਸੇ ਨਾ ਕਿਸੇ ਰੂਪ ਵਿੱਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਉਤਰ ਵਿੱਚ ਜੇ ਕੁੱਲੂ ਦਾ ਦੁਸਹਿਰਾ ਪ੍ਰਸਿੱਧ ਹੈ ਤਾਂ ਦੱਖਣ ਵਿਚ ਮੈਸੂਰ ਦਾ ਦੁਸਹਿਰਾ ਇਸ ਤੋਂ ਵੱਧ ਮਹੱਤਤਾ ਰੱਖਦਾ ਹੈ।ਮੈਸੂਰ ਵਿੱਚ ਦੁਸਹਿਰੇ ਨੂੰ ‘ਵਿਜਯ ਦਸ਼ਮੀ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ।ਸਾਡੇ ਇਥੇ ਸ਼ਹਿਰਾਂ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਬਣਾ ਕੇ ਸਾੜੇ ਜਾਂਦੇ ਹਨ ਇਨ੍ਹਾਂ ਬੁੱਤਾਂ ‘ਤੇ ਪੰਜਾਹ ਹਜਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਖਰਚ ਆਉਂਦਾ ਹੈ।ਮੁੱਖ ਮਹਿਮਾਨ ਦੇ ਆਉਣ ਸਾਰ ਮਿੰਟਾਂ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਸਾਰੇ ਖੁਸ਼ ਹੋ ਜਾਂਦੇ ਹਨ ਕਿ ਬਦੀ ਉੱਪਰ ਨੇਕੀ ਦੀ ਜਿੱਤ ਹੋ ਗਈ।ਬੁੱਤ ਸੜਣ ਉਪਰੰਤ ਲੋਕ ਖਿੰਡਣੇ ਸ਼ੁਰੂ ਹੋ ਜਾਂਦੇ ਹਨ।ਕਈ ਲੋਕ ਰਾਵਣ ਦੇ ਪੁਤਲੇ ਦੀਆਂ ਅੱਧ ਸੜੀਆਂ ਲੱਕੜਾਂ ਚੁੱਕ ਕੇ ਘਰ ਲੈ ਜਾਂਦੇ ਹਨ ਉਹਨਾ ਦਾ ਮੰਨਣਾ ਹੈ ਕਿ ਇਨ੍ਹਾਂ ਲੱਕੜਾਂ ਨੂੰ ਘਰ ਵਿੱਚ ਰੱਖਣ ਨਾਲ ਛੋਟੇ ਬੱਚਿਆਂ ਨੂੰ ਡਰ ਨਹੀਂ ਲੱਗਦਾ, ਧੰਨ ਵਿਚ ਵਾਧਾ ਹੁੰੰਦਾ ਹੈ ਤੇ ਘਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ।
ਖੂਬਸੂਰਤ ਪਹਾੜਾਂ ਵਿਚ ਬਿਆਸ ਦਰਿਆ ਦੇ ਕਿਨਾਰੇ ਸਥਿਤ ਸੁੰਦਰ ਸ਼ਹਿਰ ਕੁੱਲੂ (ਹਿਮਾਚਲ ਪ੍ਰਦੇਸ਼) ਦਾ ਦੁਸਹਿਰਾ ਬੜਾ ਮਸ਼ਹੂਰ ਹੈ, ਪਰ ਉਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਨਹੀਂ ਸਾੜੇ ਜਾਦੇ।ਉਥੇ ਦੁਸਹਿਰਾ ਹਫਤਾ ਭਰ ਮਨਾਇਆ ਜਾਂਦਾ ਹੈ।ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਥੇ ਦੁਸਹਿਰਾ ਦੇਖਣ ਲਈ ਪਹੁੰਚਦੇ ਹਨ।ਕੁੱਲੂ ਵਾਦੀ ਦੇ ਲੋਕ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਣੇ ਪਿੰਡ ਵਿਚ ਆਪਣੇ ਦੇਵੀ-ਦੇਵਤੇ ਦੀ ਪਾਲਕੀ ਤਿਆਰ ਕਰਦੇ ਹਨ।ਆਪਣੇ ਦੇਵੀ-ਦੇਵਤੇ ਦੀ ਮੂਰਤੀ ਪਾਲਕੀ ਵਿੱਚ ਰੱਖ ਕੇ ਉਸਨੂੰ ਮੋਢਿਆਂ ‘ਤੇ ਚੁੱਕ ਕੇ ਆਪਣੇ ਪਿੰਡ ਤੋਂ ਪੈਦਲ ਚੱਲ ਕੇ ਕੁੱਲੂ ਸ਼ਹਿਰ ਤੱਕ ਜਾਦੇ ਹਨ।ਸ਼ਰਧਾਲੂ ਨੱਚਦੇ ਟੱਪਦੇ ਹੋਏ ਬੈਂਡ ਵਾਜਿਆਂ ਸਮੇਤ ਕੁੱਲੂ ਦੇ ਬਾਜਾਰਾਂ ਵਿਚੋਂ ਦੀ ਗੁਜ਼ਰਦੇ ਹੋਏ ਰਘੁਨਾਥ ਜੀ ਦੇ ਮੰਦਰ ਵਿੱਚ ਪਹੁੰਚਦੇ ਹਨ ਅਤੇ ਪੂਜਾ ਅਚਰਨਾ ਕਰਦੇ ਹਨ।ਦੇਸ਼ ਦੇ ਵੱਖ-ਵੱਖ ਰਾਜਾ ਤੋਂ ਤੇ ਵੱਖ-ਵੱਖ ਬਲੀਆਂ ਦੇ ਗਾਇਕ, ਕਲਾਕਾਰ ਇਸ ਮੇਲੇ ਵਿਚ ਸ਼ਾਮਲ ਹੋਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ।ਕਈ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਦੀਆਂ ਹਨ ਜਿਥੇ ਵਾਜ਼ਬ ਰੇਟਾਂ ‘ਤੇ ਵਸਤੂਆਂ ਮਿਲਦੀਆਂ ਹਨ।ਇਥੇ ਇੱਕ ਖਾਸੀਅਤ ਹੈ ਕਿ ਦੁਸਹਿਰੇ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਨਹੀਂ ਆਉਦਾ।ਇਹ ਸਾਰਾ ਨਜ਼ਾਰਾ ਵੇਖਣਯੋਗ ਹੁੰਦਾ ਹੈ।
ਸਮੁੱਚੇ ਦੇਸ਼ ਵਿੱਚ ਦੁਸਹਿਰੇ ਵਾਲੇ ਦਿਨ ਖਰੀਦਦਾਰੀ ਕਰਨੀ ਵਧੀਆ ਮੰਨੀ ਜਾਦੀ ਹੈ।ਇਸ ਦਿਨ ਸੋਨਾ, ਚਾਂਦੀ ਤੇ ਵਾਹਨਾਂ ਦੀ ਖਰੀਦਦਾਰੀ ਬਹੁਤ ਜਿਆਦਾ ਵਧੀਆਂ ਮੰਨੀ ਜਾਦੀ ਹੈ।ਬਹੁਤ ਲੋਕ ਇਸ ਦਿਨ ਨਵੇਂ ਕੰਮ ਦਾ ਆਰੰਭ ਕਰਨਾ ਸ਼ੁਭ ਮੰਨਦੇੇ ਹਨ।ਵਪਾਰੀ ਲੋਕ ਇਸ ਦਿਨ ਨਵੇਂ ਵਹੀ ਖਾਤੇ ਸ਼ੁਰੂ ਕਰਨਾ ਸ਼ੁਭ ਸਮਝਦੇ ਹਨ।ਦੁਸਹਿਰੇ ਦੇ ਮੇਲੇ ਤੋਂ ਵਾਪਸੀ ‘ਤੇ ਲੋਕ ਜਲੇਬੀਆਂ, ਪਕੌੜੇ, ਪਟਾਕੇ, ਲੜੀਆਂ ਆਦਿ ਦੀ ਖਰੀਦੋ-ਫਰੋਖਤ ਕਰਦੇ ਹਨ।ਦੁਸਹਿਰੇ ਪਿਛੇ ਇਤਿਹਾਸਕ, ਰਾਜਨੀਤਿਕ ਤੇ ਸਮਾਜਿਕ ਕਾਰਣਾ ਦਾ ਅਧਿਐਨ ਕਰਨ ਦਾ ਆਮ ਆਦਮੀ ਜਰੂਰਤ ਨਹੀਂ ਸਮਝਦਾ।ਉਸ ਲਈ ਤਾਂ ਦੁਸਹਿਰਾ ਕੁੱਝ ਮਿੰਟਾਂ ਦਾ ਮਨੋਰੰਜ਼ਨ ਬਣ ਕੇ ਰਹਿ ਗਿਆ ਹੈ। ਦੁਸਹਿਰੇ ਦੇ ਬਹਾਨੇ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਦੁਸਹਿਰਾ ਮਨਾਉਣ ਦਾ ਮਕਸਦ ਸਮਾਜ ਵਿੱਚੋਂ ਨਫਰਤ, ਪਾਪ, ਜ਼ਬਰ-ਜ਼ੁਲਮ, ਹੰਕਾਰ ਦਾ ਖਾਤਮਾ ਤੇ ਸਰਬੱਤ ਦਾ ਭਲਾ ਕਰਨਾ ਹੈ। 15102021
ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ)
ਅਜੀਤ ਨਗਰ, ਮੋਗਾ