ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸੰਗਤ ਦੀ ਸਹੂਲਤ ਲਈ ਵੱਖ-ਵੱਖ ਕੰਟਰੋਲ ਰੂਮ ਸਥਾਪਿਤ
ਕਪੂਰਥਲਾ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 19 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣਗੇ।ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਆਮਦ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਗੁਰੁੁਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇੰਤਜ਼ਾਮ ਕੀਤੇ ਜਾ ਰਹੇ ਹਨ।ਐਸ.ਡੀ.ਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ ਜੋ ਕਿ ਸਮਾਗਮ ਲਈ ਨੋਡਲ ਅਫਸਰ ਵਜੋਂ ਨਿਯੁੱਕਤ ਹਨ, ਦੀ ਅਗਵਾਈ ਹੇਠ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।18 ਨਵੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਰਸਤੇ ਦੌਰਾਨ ਸਾਫ ਸਫਾਈ, ਪੀਣ ਵਾਲੇ ਪਾਣੀ, ਆਰਜ਼ੀ ਪਖਾਨਿਆਂ ਤੇ ਸੁਚਾਰੂ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਸੁਲਤਾਨਪੁਰ ਲੋਧੀ ਵਿਖੇ ਤਹਿਸੀਲਦਾਰ ਦਫਤਰ ਵਿਖੇ ਕੰਟਰੋਲ ਰੂਮ 01828-222169 ਬਣਾਇਆ ਗਿਆ ਹੈ।ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਕੰਟਰੋਲ ਰੂਮ ਨੰਬਰ 81407-08011 ਹੈ।ਮੈਡੀਕਲ ਤੇ ਮੋਬਾਇਲ ਮੈਡੀਕਲ ਸਹਾਇਤਾ ਲਈ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ 97791-24017 ਹੈ।ਇਸ ਤੋਂ ਇਲਾਵਾ ਹਾਟ ਲਾਇਨ ਕੈਂਪ ਆਫਿਸ 01828-222228 ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ਵਲੋਂ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਜਾ ਰਹੀ ਹੈ।ਅੱਗ ਬੁਝਾਊ ਅਮਲੇ ਦੀ ਤਾਇਨਾਤੀ, ਨਿਰਵਿਘਨ ਬਿਜਲੀ ਸਪਲਾਈ, ਸਟਰੀਟ ਲਾਇਟਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਅਤੇ ਪਵਿੱਤਰ ਵੇਈਂ ਦੇ ਕਿਨਾਰੇ ਗੋਤਾਖੋਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਗੁਰਪੁਰਬ ਮੌਕੇ ਡਿਊਟੀ ਨੂੰ ਸੇਵਾ ਭਾਵਨਾ ਨਾਲ ਨਿਭਾਉਣ।