ਪੰਜਾਬੀ ਫ਼ਿਲਮੀ ਖੇਤਰ ‘ਚ ਹੁਣ ਬਹੁਤ ਕੁੱਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ।ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ।ਇਸੇ ਰੁਝਾਣ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ ‘ਤੀਜਾ ਪੰਜਾਬ’ ਵੀ ਆਗਾਮੀ 3 ਦਸੰਬਰ 2021 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ।‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇਹ ਪੰਜਾਬੀ ਫ਼ਿਲਮ ਲੈ ਕੇ ਆ ਰਿਹਾ ਹੈ।ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਹੀ ਰਿਲੀਜ਼ ਹੋਇਆ ਹੈ।ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ‘ਚ ਅੰਬਰਦੀਪ ਸਿੰਘ ਅਤੇ ਅਦਾਕਾਰਾ ਨਿਮਰਤ ਖਹਿਰਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
ਅਜੋਕੀਆਂ ਫ਼ਿਲਮਾਂ ਤੋਂ ਹਰ ਪੱਖ ਤੋਂ ਵੱਖਰੀ ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਅੰਬਰਦੀਪ ਨੇ ਲਿਖੀ ਹੈ ਜੋ ਕਿ ਕਿਸਾਨੀ ਜੀਵਨ ਨਾਲ ਜੁੜੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਇੱਕ ਦਿਲਚਸਪ ਕਹਾਣੀ ਹੈ।ਫ਼ਿਲਮ ਦੇ ਟ੍ਰੇਲਰ ਅਨੁਸਾਰ ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ।ਜਿਸ ਵਿੱਚ ਅਸੀਂ ਪਤੀ-ਪਤਨੀ, ਪਿਤਾ-ਪੁੱਤਰ, ਨੂੰਹ ਅਤੇ ਸੱਸ ਵਿਚਕਾਰ ਬੰਧਨ ਦੇ ਕਈ ਰੰਗ ਵੇਖਦੇ ਹਾਂ, ਪਰ ਸਭ ਤੋਂ ਮਹੱਤਵਪੂਰਨ, ਪਿੰਡ ਦੇ ਲੋਕਾਂ ਦੀ ਉਨ੍ਹਾਂ ਦੀਆਂ ਜ਼ਮੀਨਾਂ ਨਾਲ ਸਾਂਝ ਹੈ।ਜਦੋਂ ਉਨ੍ਹਾਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ, ਤਾਂ ਸਾਰਾ ਪਿੰਡ ਇਕਜੁੱਟ ਹੋ ਜਾਂਦਾ ਹੈ ਅਤੇ ਇੱਕ ਅਜਿਹਾ ਇਨਕਲਾਬ ਲਿਆਉਂਦਾ ਹੈ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।
ਅੰਬਰਦੀਪ ਵਲੋਂ ਖ਼ੁਦ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮਾ ਦੇ ਨਾਮੀ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਹਰਦੀਪ ਗਿੱਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗ, ਬੀ.ਐਨ ਸ਼ਰਮਾ, ਬਲਵਿੰਦਰ ਬੁਲਟ, ਸੁਖਵਿੰਦਰ ਰਾਜ, ਸੁੱਖ ਸੰਘੇੜਾ, ਜੈ ਰੰਧਾਵਾ, ਗੁਰਤੇਜ ਸਿੰਘ ਅਤੇ ਇੰਦਰਜੋਤ ਆਦਿ ਕਲਾਕਾਰ ਆਪਣੀ ਅਦਾਕਾਰੀ ਦਿਖਾਉਣਗੇ।ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।ਅੰਬਰਦੀਪ ਦੀ ਸੋਚ ਅਤੇ ਜ਼ਜਬੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਅੱਜ ਵਪਾਰਕ ਸਿਨੇਮੇ ਦੀ ਭੀੜ ਵਿੱਚ ਉਸ ਨੇ ਕਿਸਾਨੀ ਪਰਿਵਾਰ ਦੀ ਤਰਾਸ਼ਦੀ ਨੂੰ ਪਰਦੇ ਤੇ ਪੇਸ਼ ਕਰਨ ਜਾ ਰਹੇ ਹਨ।27112021
ਹਰਜਿੰਦਰ ਸਿੰਘ
ਮੋ – 94638 28000