ਭੂਮੀ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ 3 ਪਿੰਡਾਂ ‘ਚ ਪ੍ਰਾਜੈਕਟ ਦੀ ਸ਼ੁਰੂਆਤ
ਕਪੂਰਥਲਾ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੰਜਾਬ ਦਾ ਪਹਿਲਾ ਅਜਿਹਾ ਜਿਲ੍ਹਾ ਬਣ ਗਿਆ ਹੈ, ਜਿਸ ਨੇ ਪਿੰਡਾਂ ਅੰਦਰ ਛੱਪੜਾਂ ਦੇ ਪਾਣੀ ਨੂੰ ਸੋਧ ਕੇ ਜ਼ਮੀਨਦੋਜ਼ ਪੀ.ਵੀ.ਸੀ ਪਾਇਪਾਂ ਰਾਹੀਂ ਸਿੰਚਾਈ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ।
ਪੰਜਾਬ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਪਹਿਲ ਸਦਕਾ ਕਪੂਰਥਲਾ ਜਿਲ੍ਹੇ ਦੇ 3 ਪਿੰਡਾਂ ਔਜਲਾ ਜੋਗੀ, ਬਿਸ਼ਨਪੁਰ ਤੇ ਕਾਲਾਸੰਘਿਆਂ ਵਿਖੇ ਲਗਭਗ 40.34 ਹੈਕਟੇਅਰ ਰਕਬੇ ਵਿਚ ਪਾਇਲਟ ਪ੍ਰਾਜਕੈਟ ਦੇ ਪਹਿਲੇ ਪੜਾਅ ਤਹਿਤ ਸਿੰਚਾਈ ਸ਼ੁਰੂ ਹੋਈ ਹੈ।
ਰਾਣਾ ਗੁਰਜੀਤ ਸਿੰਘ ਦੇ ਲਗਭਗ ਢਾਈ ਮਹੀਨੇ ਪਹਿਲਾਂ ਸੂਬੇ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਵਜੋਂ ਹਲਫ ਲੈਣ ਪਿੱਛੋਂ ਪੰਜਾਬ ਸਰਕਾਰ ਵਲੋਂ ਕਪੂਰਥਲਾ ਜਿਲ੍ਹੇ ਦੀ ਇਸ ਨਿਵੇਕਲੇ ਪ੍ਰਾਜੈਕਟ ਲਈ ਚੋਣ ਕੀਤੀ ਗਈ।ਜਿਸ ਤਹਿਤ 7 ਪਿੰਡਾਂ ਅੰਦਰ ਛੱਪੜਾਂ ਦੇ ਪਾਣੀ ਨੂੰ ਸਾਫ ਕਰਕੇ ਜ਼ਮੀਨਦੋਜ਼ ਪਾਇਪਾਂ ਰਾਹੀਂ ਸਿੰਚਾਈ ਕੀਤੀ ਜਾਣੀ ਸੀ, ਜਿਸ ਵਿਚੋਂ ਲਗਭਗ ਡੇਢ ਮਹੀਨੇ ਦੇ ਰਿਕਾਰਡ ਸਮੇਂ 3 ਪਿੰਡਾਂ ਵਿਖੇ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ ਹੈ।
ਪਿੰਡ ਔਜਲਾ ਜੋਗੀ ਵਿਖੇ ਪ੍ਰਾਜੈਕਟ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ‘ਪੰਜਾਬ ਵਿਧਾਨ ਸਭਾ ਵਲੋਂ ਉਨ੍ਹਾਂ ਦੀ ਅਗਵਾਈ ਹੇਠ 24 ਮਾਰਚ 2021 ਨੂੰ ਪਾਣੀ ਦੀ ਸੰਭਾਲ ਸਬੰਧੀ 6 ਵਿਧਾਇਕਾਂ ਵਾਲੀ ਗਠਿਤ ਕੀਤੀ ਕਮੇਟੀ ਵਲੋਂ ਜੋ 248 ਸਫਿਆਂ ਦੀ ਰਿਪੋਰਟ ਸੌਂਪੀ ਗਈ ਹੈ, ਉਸ ਵਿਚ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਛੱਪੜਾਂ ਦੇ ਨਵੀਨੀਕਰਨ ਤੇ ਪਾਣੀ ਨੂੰ ਸੋਧ ਕੇ ਸਿੰਚਾਈ ਕਰਨ ਨੂੰ ਵੱਡੀ ਅਹਿਮੀਅਤ ਦਿੱਤੀ ਗਈ ਹੈ।
ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਚੇਤੰਨ ਕੀਤਾ ਕਿ ਵਿਧਾਨ ਸਭਾ ਕਮੇਟੀ ਦੀ ਖੋਜ਼ ਅਨੁਸਾਰ ਸੂਬੇ ਵਿਚ 83 ਫੀਸਦੀ ਟਿਊਬਵੈਲ 300 ਫੁੱਟ ਤੋਂ ਵੀ ਜਿਆਦਾ ਡੂੰਘਾਈ ਤੋਂ ਪਾਣੀ ਲੈ ਰਹੇ ਹਨ, ਜੋ ਕਿ ਬਹੁਤ ਖਤਰਨਾਕ ਪਹਿਲੂ ਹੈ। ਇਸ ਤੋਂ ਇਲਾਵਾ ਬਾਕੀ 17 ਫੀਸਦੀ ਟਿਊਬਵੈਲ 500 ਫੁੱਟ ਤੋਂ ਵੀ ਜਿਆਦਾ ਡੂੰਘੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਲਗਭਗ ਸਾਰੇ 12,348 ਪਿੰਡਾਂ ਅੰਦਰ ਛੱਪੜਾਂ ਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਵਾਸਤੇ ਪ੍ਰਾਜੈਕਟ ਦਾ ਘੇਰਾ ਵਧਾਉਣ ਵਾਸਤੇ ਉਹ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਕੇਂਦਰੀ ਜਲ ਸਰੋਤ ਮੰਤਰਾਲੇ ਕੋਲ ਵੀ ਪਹੁੰਚ ਕਰਨਗੇ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਾਂਝਾ ਮਾਹਿਰ ਗਰੁੱਪ ਬਣਾਉਣ ਦਾ ਵੀ ਪ੍ਰਸਤਾਵ ਹੈ, ਤਾਂ ਜੋ ਪੰਚਾਇਤੀ ਜ਼ਮੀਨਾਂ ਉਪਰ ਇਸ ਪ੍ਰਾਜੈਕਟ ਤਹਿਤ ਵੱਧ ਤੋਂ ਵੱਧ ਸਿੰਚਾਈ ਕੀਤੀ ਜਾ ਸਕੇ।
ਭੂਮੀ ਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ ਨੇ ਪ੍ਰਾਜੈਕਟ ਦੇ ਕੰਮ ਕਰਨ ਦੇ ਤਰੀਕੇ ਬਾਰੇ ਦੱਸਿਆ ਕਿ ਛੱਪੜ ਦਾ ਸੋਧਿਆ ਹੋਇਆ ਪਾਣੀ ਡੀਜ਼ਲ ਪੰਪ ਨਾਲ ਲਿਫਟ ਕਰਕੇ ਜ਼ਮੀਨਦੋਜ਼ ਪਾਇਪਾਂ ਰਾਹੀਂ ਖੇਤਾਂ ਤੱਕ ਪਹੁੰਚਾਇਆ ਜਾਵੇਗਾ।ਜਿਨ੍ਹਾਂ 3 ਪਿੰਡਾਂ ਅੰਦਰ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਵਿਚ ਬਿਸ਼ਨਪੁਰ ਵਿਖੇ 10 ਲੱਖ 79 ਹਜ਼ਾਰ ਰੁਪੈ ਨਾਲ 8.30 ਹੈਕਟੇਅਰ ਰਕਬਾ, ਪਿੰਡ ਔਜਲਾ ਜੋਗੀ ਵਿਖੇ 14 ਲੱਖ 10 ਹਜ਼ਾਰ ਰੁਪੈ ਨਾਲ 16.40 ਹੈਕਟੇਅਰ, ਕਾਲਾਸੰਘਿਆਂ ਵਿਖੇ 23.84 ਲੱਖ ਰੁਪੈ ਨਾਲ 25.64 ਹੈਕਟੇਅਰ ਰਕਬੇ ਵਿਚ ਸਿੰਚਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖੁਖਰੈਣ, ਨਵਾਂ ਪਿੰਡ, ਚੱਕ ਦੀਨਾ ਤੇ ਭੰਡਾਲ ਦੋਨਾ ਵਿਖੇ ਵੀ ਇਸ ਪ੍ਰਾਜੈਕਟ ਤਹਿਤ ਸਿੰਚਾਈ ਜਲਦ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਮੌਕੇ ਮੁੱਖ ਭੂਮੀ ਪਾਲ ਪੰਜਾਬ ਮਹਿੰਦਰ ਸਿੰਘ ਸੈਣੀ, ਮੰਡਲ ਭੂਮੀ ਰੱਖਿਆ ਅਫ਼ਸਰ ਗ.ਸ ਢਿੱਲੋਂ, ਮੰਡਲ ਭੂਮੀ ਰੱਖਿਆ ਅਫ਼ਸਰ ਜਲੰਧਰ ਦਿਲਾਵਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਕਪੂੂਰਥਲਾ ਮਨਪ੍ਰੀਤ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਲੁਪਿੰਦਰ ਕੁਮਾਰ, ਜਸਰਿਤੁ ਕੌਰ, ਭੂਮੀ ਰੱਖਿਆ ਅਫ਼ਸਰ ਸੁਸ਼ੀਲ ਕੁਮਾਰ, ਰਾਹੁਲਦੀਪ ਸਿੰਘ, ਦੀਪਕ ਵਰਮਾ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਹਾਜਰ ਸਨ ।