Tuesday, July 29, 2025
Breaking News

ਭਾਈਚਾਰਕ ਸਾਂਝ ਦਾ ਤਿਓਹਾਰ ਲੋਹੜੀ

                        ਇਹ ਤਿਓਹਾਰ ਪੋਹ ਦੇ ਅਖੀਰਲੇ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।ਵੇਸੇ ਤਾਂ ਇਹ ਤਿਓਹਾਰ ਵੱਖ-ਵੱਖ ਨਾਵਾਂ ਨਾਲ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।ਪੰਜਾਬ ਹਰਿਆਣਾ, ਦਿੱਲੀ ਤੇ ਇਸ ਦੇ ਗਵਾਂਢੀ ਰਾਜਾਂ ਸਮੇਤ ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਨੂੰ ਨੂੰ ਭਗਤ ਕਬੀਰ ਜੀ ਦੀ ਲੋਈ ਅਤੇ ਲੋਹ ਨਾਲ ਵੀ ਜੋੜਿਆ ਜਾਂਦਾ ਹੈ।ਇਹ ਅਗਨੀ ਤੇ ਚਾਨਣ ਦੀ ਪ੍ਰਤੀਕ ਹੈ ਅਤੇ ਠੰਡ ਨੂੰ ਭਜਾਉਣ ਦੀ ਕੋਸ਼ਿਸ਼ ਵੀ ਹੈ।ਇਸ ਦਾ ਸਬੰਧ ਦੁੱਲੇ-ਭੱਟੀ ਨਾਲ ਵੀ ਦੱਸਿਆ ਜਾਂਦਾ ਹੈ।ਮੁੱਕਦੀ ਗੱਲ ਕਿ ਕਿਸੇ ਨਾ ਕਿਸੇ ਬਹਾਨੇ ਇਹ ਦਿਨ ਮਨਾਇਆ ਜਾਂਦਾ ਹੈ ਤੇ ਠੰਡ ਤੋਂ ਨਿੱਘ ਵੱਲ ਪੁਲਾਂਘ ਪੁੱਟਣ ਦਾ ਤਿਉਹਾਰ ਹੈ।ਨਵੀਆਂ ਫਸਲਾਂ ਨੂੰ ਖੁਸ਼ਆਮਦੀਦ ਦਾ ਤਿਓਹਾਰ, ਨਵ ਵਿਆਹਿਆਂ, ਨਵ ਜੰਮਿਆਂ ਨੂੰ ਜੀ ਆਇਆਂ ਕਹਿਣ ਦਾ ਤਿਓਹਾਰ ਹੈ।ਲੋਹੜੀ ਸ਼ਬਦ ਸ਼ਾਇਦ ਤਿੱਲ ਤੇ ਰੋੜੀ ਦਾ ਇੱਕਠੇ ਸ਼ਬਦ ਤਿਲੋਹੜੀ ਤੋਂ ਬਣਿਆ ਹੋਵੇ।
                 ਲੋਹੜੀ ਤੋਂ ਕੁੱਝ ਦਿਨ ਪਹਿਲਾਂ ਹਰ ਘਰ ਤੋਂ ਪਾਥੀਆਂ, ਸੁੱਕਾ ਬਾਲਣ ਬੱਚੇ ਮੰਗ ਕੇ ਇੱਕਠਾ ਕਰਕੇ ਅੱਗ ਬਾਲ ਸੇਕਦੇ ਹਨ।ਜੋ ਵੀ ਗੁੜ, ਤਿੱਲ ਫੁੱਲ ਮਿਲੇ ਖਾ ਪੀ ਲੈਂਦੇ ਹਨ।ਪਹਿਲਾਂ ਹੀ ਨਵੇਂ ਵਿਆਹੇ ਜੋੜਿਆਂ ਤੇ ਨਵੇ ਜੰਮੇ ਬੱਚਿਆਂ ਦਾ ਪਤਾ ਲਾ ਲੈਂਦੇ ਹਨ ਕਿ ਕਿਸ ਘਰ ਲੋਹੜੀ ਬਣੀ ਹੈ। ਆਪਣੇ ਹਾਣੀਆਂ ਨਾਲ ਟੋਲੇ ਬਣਾ ਲੈਂਦੇ ਹਨ।ਲੋਹੜੀ ਦੇ ਗੀਤ ਯਾਦ ਕਰ ਲੈਂਦੇ ਹਨ, ਕੁਝ ਨਵੇਂ ਨਵੇਂ ਜੋੜ ਲੈਂਦੇ ਹਨ।
ਲੋਹੜੀ ਵਾਲੇ ਘਰਾਂ ਵਾਲੇ ਵੀ ਆਪਣੇ ਨਿਕਦਿਆਂ, ਰਿਸ਼ਤੇਦਾਰਾਂ ਨੂੰ ਸੱਦ ਲੈਂਦੇ ਹਨ ਤੇ ਜਸ਼ਨ ਮਨਾਉਣ ਦਾ ਪ੍ਰਬੰਧ ਕਰਦੇ ਹਨ।ਤਿਲ ਰਿਓੜੀਆਂ, ਗੁੜ, ਫੁੱਲੇ, ਚਿੜਵੜੇ, ਪਤਾਸੇ, ਮੁੱਠ ਲੱਡੂ, ਲੱਡੂ, ਹਲਵਾਈ ਦੀਆਂਾ ਬਣੀਆਂ ਖਜੂਰਾਂ ਆਦਿ, ਵਿਆਹੀਆਂ ਧੀਆਂ ਨੂੰ ਸਹੁਰੇ ਘਰ ਇੱਕ ਦੋ ਦਿਨ ਪਹਿਲਾਂ ਹੀ ਵੀਰ ਦੇ ਆਉਂਦੇ ਹਨ। ਲੋਹੜੀ ਵੰਡਣ ਲਈ ਵੀ ਸਮਾਨ ਇੱਕਠਾ ਕਰਦੇ ਹਨ।
                   ਦੁਪਹਿਰ ਢਲੀ ਲੋਹੜੀ ਮੰਗਣ ਵਾਲੀਆਂ ਟੋਲੀਆਂ ਸੋਹਣੇ ਸੋਹਣੇ ਕੱਪੜੇ ਪਾ ਕੇ ਘਰਾਂ ਵਿੱਚ ਆਉਣ ਲੱਗ ਪੈਂਦੀਆਂ ਹਨ ਤੇ ਗੀਤ ਸੁਣਾੳੇਂਦੀਆਂ ਹਨ।
ਮਿੱਥ ਹੈ ਕਿ ਸੁੰਦਰ ਮੁੰਦਰੀ ਦੋ ਭੈਣਾਂ ਸਨ।ਉਹਨਾਂ ਤੇ ਲੋਹੜੇ ਦਾ ਰੂਪ ਚੜ੍ਹ ਆਇਆ ਸੀ।ਉਨ੍ਹਾਂ ਦੇ ਸੁਹੱਪਣ ਦੀ ਭਿਣਕ ਹਾਕਮ ਤੱਕ ਪੈ ਗਈ।ਉਸ ਨੇ ਹੁਕਮ ਚਾੜ੍ਹ ਦਿੱਤਾ ਕਿ ਕੁੜੀਆਂ ਪੇਸ਼ ਕੀਤੀਆਂ ਜਾਣ ਜੇ ਪੇਸ਼ ਨਹੀਂ ਕਰਦਾ ਤਾਂ ਚੁੱਕ ਲਿਆਂਦੀਆਂ ਜਾਣ।ਇਸ ਦੀ ਖਬਰ ਦੁੱਲੇ-ਭੱਟੀ ਤੱਕ ਹੋ ਗਈ।ਉਸ ਨੇ ਕੁੜੀ ਦੇ ਘਰਦਿਆਂ ਨੁੰ ਸੁਨੇਹਾ ਘੱਲ ਦਿੱਤਾ ਕਿ ਫਟਾ-ਫੱਟ ਮੁੰਡੇ ਦੇਖ ਕੇ ਜੰਗਲ ਵਿੱਚ ਮੇਰੇ ਟਿਕਾਣੇ ਤੇ ਮੁੰਡੇ ਕੁੜੀਆਂ ਲੈ ਆਂਦੇ ਜਾਣ ਤੇ ਇਹਨਾਂ ਦੀ ਸ਼ਾਦੀ ਮਂੈ ਕਰਾਂਵਾਗਾ।ਇਸ ਤਰ੍ਹਾਂ ਹੀ ਹੋਇਆ ਤੇ ਉਸ ਨੇ ਵਿਆਹ ਕਰਵਾਏ ਅਤੇ ਇਹਨਾਂ ਦੀ ਝੋਲੀ ਸੇਰ ਸੇਰ ਸ਼ੱਕਰ ਪਾਈ।

ਲੋਹੜੀ ਤੇ ਮੁੱਖ ਗੀਤ ਵੀ ਇਹ ਹੀ ਗਾਇਆ ਜਾਂਦਾ ਹੈ:-

ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁਲ੍ਹਾ ਭੱਟੀ ਵਾਲਾ ਹੋ,
ਦੁਲ੍ਹੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ,
ਕੁੜੀ ਦਾ ਲਾਲ ਪਟਾਕਾ ਹੋ,
ਕੁੜੀ ਦਾ ਸਾਲੂ ਪਾਟਾ ਹੋ,
ਸਾਲੂ ਕੋਣ ਸਮੇਟੇ ਹੋ,
ਚਾਚਾ ਗਾਲੀ ਦੇਸੇ ਹੋ,
ਚਾਚੇ ਚੂਰੀ ਕੁੱਟੀ ਹੋ,
ਜਿੰਮੀਦਾਰਾ ਲੁੱਟੀ ਹੋ,
ਜਿੰਮੀਂਦਾਰ ਬੁਲਾਓ ਹੋ,
ਸੌ ਸੌ ਪੌਲੇ ਲਾਓ ਹੋ,
ਇੱਕ ਪੌਲਾ ਰਹਿ ਗਿਆ ਹੋ,
ਸਪਾਹੀ ਫੜ੍ਹ ਕੇ ਲੈ ਗਿਆ ਹੋ।

ਲੋਹੜੀ ਇੱਕ ਹੋਰ ਗੀਤ ਇਹ ਹੈ:

ਟਾਂਡਾ ਨੀ ਲੱਕੜੀਓ ਟਾਂਡਾ, ਇਸ ਟਾਂਡੇ ਦੇ ਨਾਲ ਕਲੀਰਾ, ਜੁੱਗ ਜੀਵੇ ਨੀ ਬੀਬੀ ਤੇਰਾ ਵੀਰਾ,
ਇਸ ਵੀਰ ਦੀ ਵੇਲ ਵਧਾਈ, ਘੋੜੀ ਚੜ੍ਹ ਕੇ ਨਾਲ ਵਹੁਟੀ ਆਈ, ਵਹੁਟੀ ਦਾ ਬੀੜਾ ਸੁੱਚਾ,
ਵੀਰੇ ਦੀ ਅੱਮਾਂ ਤੇ ਬਾਬਾ ਉੱਚਾ।

ਲੋਹੜੀ ਦੀ ਇਕ ਹੋਰ ਵੰਨਗੀ ਵੇਖੋ:

ਹੁੱਲੇ ਨੀ ਮਾਏਂ ਹੁੱਲੇ,
ਦੋ ਬੇਰੀਆਂ ਦੇ ਪੱਤੇ ਝੁੱਲੇ,
ਦੋ ਹੁੱਲ ਪਈਆਂ ਖਜੂਰੀਆਂ,
ਖਜੂਰੀਆਂ ਸੁੱਟੇ ਮੇਵੇ,
ਇਸ ਮੁੰਡੇ ਦੇ ਘਰ ਮੰਗੇਣਾ,
ਇਸ ਮੁੰਡੇ ਦੀ ਵਹੁਟੀ ਨਿੱਕੜੀ,
ਉਹ ਰਹਿੰਦੀ ਚੂਰੀ ਕੁੱਟੜੀ,
ਉਸ ਕੁੱਟ ਕੁੱਟ ਭਰਿਆ ਥਾਲ,
ਵਹੁਟੀ ਬਹਿ ਨਨਾਣਾ ਨਾਲ,
ਨਨਾਣਾ ਤੇ ਭਰਜਾਈ,
ਸੋ ਕੁੜਮਾਂ ਦੇ ਘਰ ਆਈ,
ਮੈ ਲੋਹੜੀ ਲੈਣ ਆਈ,
ਦਿਓ ਬੀਬੀ ਲੋਹੜੀ,
ਜੀਵੇ ਨਹੁੰ ਪੁੱਤ ਦੀ ਜੋੜੀ ।

ਲੋਹੜੀ ਦਾ ਇੱਕ ਹੋਰ ਗੀਤ-

ਗੀਗਾ ਨੀ ਭੈਣੋ ਗੀਗਾ,
ਗੀਗੇ ਦੇ ਮੂੰਹ ਵਿੱਚ ਘਿਓ,
ਜੀਵੇ ਗੀਗੇ ਦਾ ਪਿਓ,
ਗੀਗਾ ਤਾਂ ਕਰ ਦਾ ਊਂ ਆਂ,
ਜੀਵੇ ਗੀਗੇ ਦੀ ਮਾਂ,
ਗੀਗੇ ਦੇ ਤੇੜ ਤੜਾਗੀ,
ਜੀਵੇ ਗੀਗੇ ਦੀ ਦਾਦੀ,
ਗੀਗਾ ਜੰਮਿਆਂ ਸੀ ਰਾਤ,
ਗੁੜ ਵੰਡਿਆ ਪਰਾਤ,
ਦਿਓ ਸਾਨੂੰ ਲੋਹੜੀ ਲੋਹੜੀ ।

ਜੇ ਚਿਰ ਲੱਗ ਜਾਵੇ ਤਾਂ ਲੋਹੜੀ ਮੰਗਣ ਆਈਆਂ ਕੁੜੀਆਂ ਕਹਿੰਦੀਆਂ ਹਨ-

ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕੌਣ ਵੇਲੇ ਦੀਆਂ ਅਈਆਂ ।
ਸਾਡੇ ਪੈਰਾਂ ਹੇਠਾਂ ਰੋੜ ਸਾਨੂੰ ਜਲਦੀ ਜਲਦੀ ਤੋਰ।
ਦੇਹ ਮਾਈ ਲੋਹੜੀ, ਤੇਰੀ ਜੀਵੇ ਜੋੜੀ

ਜਿਹੜਾ ਘਰ ਜਾਣ ਬੁੱਝ ਕੇ ਲੋਹੜੀ ਨਾ ਦੇਵੇ ਤਾਂ ਕੁੜੀਆਂ ਕਹਿ ਦੇਂਦੀਆਂ ਹਨ –

ਹੁੱਕਾ ਨੀ ਭੈਣੋ ਹੁੱਕਾ, ਇਹ ਘਰ ਭੁੱਖਾ ਨੀ ਭੈਣੋਂ ਭੁੱਖਾ।

                   ਲੋਹੜੀ ਵੰਡਣ ਤੋਂ ਬਾਅਦ ਭੁੱਗਾ ਬਾਲਿਆ ਜਾਂਦਾ ਹੈ।ਵਿਹੜੇ ਵਿੱਚ ਲੱਕੜਾਂ ਇੱਕਠੀਆਂ ਕਰਕੇ ਉਸ ਉਪਰ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਬਾਲਿਆ ਜਾਂਦਾ ਹੈ।ਚਾਰ ਚੁਫੇਰੇ ਘਰ ਦੇ, ਤੇ ਹੋਰ ਸਕੇ-ਸੋਤਰੇ ਰਿਸ਼ਤੇਦਾਰ ਖਲੋ ਜਾਂ ਬੈਠ ਜਾਂਦੇ ਹਨ।ਘਰ ਦੀ ਮੁੱਖੀ ਔਰਤ ਥਾਲੀ ਵਿੱਚ ਤਿੱਲ, ਚਿੜਵੜੇ, ਮੂੰਗਫਲੀ, ਰਿਓੜੀਆਂ, ਮੱਕੀ ਦੇ ਫੁੱਲੇ ਆਦਿ ਲੈ ਕੇ ਆਉਂਦੀ ਹੈ ਤੇ ਸਾਰੇ ਜਾਣੇ ਹੀ ਥੋੜ੍ਹੇ ਥੋੜ੍ਹੇ ਜਲ ਰਹੀ ਅਗਨੀ ਵਿੱਚ ਪਾਉਂਦੇ ਹਨ ਤੇ ਕਹਿੰਦੇ ਹਨ ਭਰੀ ਆਈਂ ਤੇ ਸੱਖਣੀ ਜਾਈਂ। ਮਿੱਥ ਹੈ ਕਿ ਜਠਾਨੀ ਨਵੀਂ ਆਈ ਦਰਾਣੀ ਉਤੋਂ ਵਾਰ ਕੇ ਤਿਲ ਭੁੱਗੇ ਵਿੱਚ ਪਾਉਂਦੀ ਹੈ।ਸਾਰੇ ਖੁਸ਼ੀ ਦੇ ਗੀਤ ਗਾਉਂਦੇ ਹਨ।ਸਾਰੇ ਹੀ ਰਿਉੜੀਆਂ, ਮੂੰਗਫਲੀ, ਫੁੱਲੇ, ਗੱਚਕ ਤਿਲਹੜੀ ਪੱਟੀ ਖਾਂਦੇ ਹਨ।
                    ਸਾਗ ਮੱਕੀ ਦੀ ਰੋਟੀ ਬਣਦੀ ਹੈ।ਚਾਅ ਨਾਲ ਖਾਧੀ ਜਾਂਦੀ ਹੈ।ਰਹੁ ਦੀ ਖੀਰ, ਖਿੱਚੜੀ ਬਣਾਈ ਜਾਂਦੀ ਹੈ ਤੇ ਸਵੇਰੇ ਉੱਠ ਕੇ ਦਹੀਂ ਨਾਲ ਖਾਧੀ ਜਾਂਦੀ ਹੈ।ਇਸ ਨੂੰ ਪੋਹ ਰਿੱਧੀ ਮਾਘ ਖਾਧੀ ਕਹਿੰਦੇ ਹਨ।
                     ਪਰ ਅੱਜ ਕੱਲ ਲੋਹੜੀ ਵਾਲੇ ਦਿਨ ਲਾਲਪਰੀ ਤੇ ਮੀਟ, ਮੱਛੀ ਖੂਬ ਚੱਲਦੀ ਹੈ।ਕੋਈ ਕੋਈ ਘਰ ਹੀ ਇਸ ਤੋਂ ਬਚਿਆ ਹੈ।
ਸ਼ਾਲਾ ਸੱਭ ਦੇ ਘਰ ਖੁਸ਼ੀਆਂ ਨਾਲ ਭਰੇ ਰਹਿਣ ਤੇ ਬੱਚੇ ਬੱਚੀਆਂ ਦੀਆਂ ਲੋਹੜੀਆਂ ਮਨਾਈਆਂ ਜਾਂਦੀਆਂ ਰਹਿਣ।ਧੀਆਂ ਦੇ ਚਾਅ ਮਲ੍ਹਾਰ ਵੀ ਨਾਲ ਹੀ ਹੁੰਦੇ ਰਹਿਣ।12012022

ਮਨਜੀਤ ਸਿੰਘ ਸੌਂਦ
ਟਾਂਗਰਾ (ਅੰਮ੍ਰਿਤਸਰ)
ਮੋ- 9803761451

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …