Thursday, November 21, 2024

ਅਹਿਮੀਅਤ (ਮਿੰਨੀ ਕਹਾਣੀ)

                ਖੁਸ਼ੀ ਦੇ ਸਮਾਗਮ ਵਿੱਚ ਨਿਮਾਣਾ ਸਿਹੁੰ ਦੇ ਪੋਤਰੇ ਨੇ ਹਵਾਈਆਂ ਚਲਾਉਣੀਆਂ ਸਨ। ਹਵਾਈਆਂ ਚਲਾਉਣ ਵਾਸਤੇ ਉਸ ਨੂੰ ਖਾਲੀ ਬੋਤਲ ਦੀ ਲੋੜ ਸੀ।ਉਹ ਖਾਲੀ ਬੋਤਲ ਲੈਣ ਵਾਸਤੇ ਆਂਢ-ਗੁਆਂਢ ਪਤਾ ਕਰਨ ਲੱਗਾ।ਅੰਕਲ ਜੀ ਤੁਹਾਡੇ ਘਰੇ ਖਾਲੀ ਬੋਤਲ ਹੈ? ਪੁੱਤਰ ਜੀ, ਖਾਲੀ ਬੋਤਲਾਂ ਹੈਗੀਆਂ ਸੀ, ਅਜੇ ਕੱਲ ਹੀ ਘਰ ਦੀ ਸਫ਼ਾਈ ਕਰਦਿਆਂ ਰੱਦੀ ਵਾਲੇ ਨੂੰ ਚੁੱਕਾਈਆਂ। ਉਹ ਹੋਰਨਾਂ ਦੇ ਦਰਵਾਜ਼ਿਆਂ ਵੱਲ ਆਸ ਭਰੀ ਨਜ਼ਰ ਨਾਲ਼ ਵੇਖਦਾ ਸੋਚਦਾ, ਫਿਰ ਮੈਨੂੰ ਖਾਲੀ ਬੋਤਲ ਕਿਧਰੋਂ ਮਿਲੇ-ਗੀ—? ਹਾਂ ਮੈਨੂੰ ਚੇਤਾ ਆ ਗਿਆ, ਉਸ ਅੰਕਲ ਦੇ ਘਰ ਬੋਤਲ ਜਰੂਰ ਹੋਵੇ-ਗੀ।ਅੰਕਲ ਜੀ, ਪਾਪਾ ਜੀ ਨੇ ਭੇਜਿਆ ਹੈ, ਖ਼ਾਲੀ ਬੋਤਲ ਚਾਹੀਦੀ ਹੈ।ਉਹਨਾਂ ਦੇ ਜੁਆਬ ਦੇਣ ਤੋਂ ਪਹਿਲਾਂ ਹੀ ਨਿਮਾਣੇ ਦੇ ਪੋਤਰੇ ਨੂੰ ਉਨ੍ਹਾਂ ਦੇ ਘਰ ਖ਼ਾਲੀ ਬੋਤਲ ਨਜ਼ਰ ਆਈ। ਅੰਕਲ ਜੀ! ਔਹ ਵੇਖੋ ਪਈ ਖਾਲੀ ਬੋਤਲ, ਮੈਂ ਲੈ ਚੱਲਿਆ ਜੇ। ਇਸ ਵਿੱਚ ਹਵਾਈਆਂ ਚਲਾਉਣੀਆਂ ਹਨ।ਅਗਲੀ ਸਵੇਰ ਸੜ੍ਹਕ ‘ਤੇ ਪਈ ਉਹੋ ਬੋਤਲ ਸੈਰ ਕਰਨ ਵਾਲਿਆਂ ਦੇ ਠੁੱਡੇ ਖਾਂਦੀ ਸੜ੍ਹਕ `ਤੇ ਇੱਧਰ-ਉਧਰ ਰਿੜ੍ਹਦੀ ਫਿਰਦੀ।ਇਹਨੇ ਨੂੰ ਰੱਦੀ ਵੇਚਣ ਵਾਲਾ ਭਾਈ ਆਇਆ।ਸਾਈਕਲ ਰੋਕ ਬੋਤਲ ਨੂੰ ਚੁੱਕਦਾ ਚੱਲਦਾ ਬਣਿਆ।ਨਿਮਾਣਾ ਇਹ ਸਭ ਵੇਖ ਬੋਤਲ ਦੀ ਅਹਿਮੀਅਤ ਬਾਰੇ ਸੋਚਦਾ, ਕਿ ਬੰਦੇ ਦੀ ਹਾਲਤ ਵੀ ਇਸ ਬੋਤਲ ਵਰਗੀ ਹੈ।ਜਦੋਂ ਭਰੀ ਹੋਵੇ ਤਾਂ ਲੋਕ ਸਾਂਭ-ਸਾਂਭ ਰੱਖਦੇ ਹਨ।ਪਰ ਜਦੋਂ ਬੰਦੇ ਦੀ ਜੇਬ੍ਹ ਵੀ ਬੋਤਲ ਵਾਂਗ ਖਾਲੀ ਹੋਵੇ ਤਾਂ ਉਹ ਵੀ ਖਾਲੀ ਬੋਤਲ ਵਾਂਗ ਸੜ੍ਹਕ ‘ਤੇ ਰੁਲਦਾ ਫਿਰਦਾ ਹੈ। 14012022

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।

sskhurmania@gmail.com

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …