ਹਰ ਜਜ਼ਬੇ ਨੂੰ ਲਹਿਰ ਬਣਾਉਣਾ ਪੈਂਦਾ ਹੈ।
ਤਾਂ ਕਿਧਰੇ ਦਰਿਆ ਅਖਵਾਉਣਾ ਪੈਂਦਾ ਹੈ।
ਕੈਦ ਕਫ਼ਸ ਦੀ ਵੀ ਛੁੱਟ ਜਾਂਦੀ ਹੈ ਇਥੇ,
ਪੰਛੀ ਨੂੰ ਵਿਸਤਾਰ ਦਿਖਾਉਣਾ ਪੈਂਦਾ ਹੈ।
ਗ਼ਜ਼ਲਾਂ ਦੇ ਵਿੱਚ ਖਿਆਲ ਨਾ ਢੱਲਦੇ ਐਵੇਂ ਹੀ,
ਦਿਲ ਤੇ ਜਿਗਰ ਦਾ ਖੂਨ ਜਲਾਉਣਾ ਪੈਂਦਾ ਹੈ।
ਇਕਲਾਪਾ ਵੀ ਚਾਹੁੰਦੈ ਕੋਈ ਸਾਥ ਮਿਲੇ,
ਸ਼ਾਇਰ ਨੂੰ ਇਹ ਸਾਥ ਨਿਭਾਉਣਾ ਪੈਂਦਾ ਹੈ।
ਖਿੜਦੇ ਫੁੱਲਾਂ ਦੀ ਤੂੰ ਵੇਖੀਂ ਕੋਮਲਤਾ,
ਖਾਰਾਂ ਦੇ ਵਿੱਚ ਇੰਝ ਮੁਸਕਾਉਣਾ ਪੈਂਦਾ ਹੈ।
ਇਸ਼ਕੇ ਦੇ ਤਾਂ ਤੌਰ ਅਵੱਲੇ ਹੁੰਦੇ ਹਨ,
ਅਪਣੇ ਜਿਸਮ ਦਾ ਮਾਸ ਖਵਾਉਣਾ ਪੈਂਦਾ ਹੈ।
ਮਹਿਕ ਨੂੰ ਆਪਣੀ ਬਾਤ ਸੁਣਾਉਣੇ ਦੀ ਖ਼ਾਤਰ,
ਗੀਤ ਹਵਾ ਦੇ ਹੱਕ ਵਿੱਚ ਗਾਉਣਾ ਪੈਂਦਾ ਹੈ।
ਇਸ਼ਕ ਇਬਾਦਤ ਦਾ ਦਸਤੂਰ ਨਿਰਾਲਾ ਹੈ,
ਰੁੱਸਿਆ ਹੋਇਆ ਯਾਰ ਮਨਾਉਣਾ ਪੈਂਦਾ ਹੈ।
ਇਹ ਜੀਵਨ ਤਾਂ ਨਾਟ-ਕਲਾ ਹੈ ਬੰਦੇ ਨੂੰ,
ਚੇਤੰਨ ਹੋ ਕਿਰਦਾਰ ਨਿਭਾਉਣਾ ਪੈਂਦਾ ਹੈ।
ਆਉਂਦਾ ਹੈ ਇੱਕ ਵਕਤ ਇੱਦਾਂ ਦਾ ਵੀ “ਰਜਨੀ” ,
ਖ਼ੁਦ ਨੂੰ ਵੀ ਸ਼ੀਸ਼ਾ ਦਿਖਲਾਉਣਾ ਪੈਂਦਾ ਹੈ।14012022
ਰਜਨੀ ਸ਼ਰਮਾ / ਵਿਨੇ ਕੁਮਾਰ ਸ਼ਰਮਾ
ਐਸ.ਬੀ.ਐਸ.ਨਗਰ
ਮੋ – 94630 62326