ਉਤਰੀ ਭਾਰਤ ਦੀਆਂ ਯੂਨੀਵਰਸਿਟੀ ਟੀਮਾਂ ਲੈ ਰਹੀਆਂ ਭਾਗ
ਅੰਮ੍ਰਿਤਸਰ, 25 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਹਾਕੀ ਸਟੇਡੀਅਮ ਅਤੇ ਖਾਲਸਾ ਕਾਲਜ ਦੀ ਗਰਾਊਂਡ ਵਿਚ ਨੌਕ ਆਊਟ ਮੈਚਾਂ ਦੇ ਲਈ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੀਆਂ ਕਰੀਬ 30 ਟੀਮਾਂ ਨੇ ਲੀਗ ਮੈਚਾਂ ਦੇ ਲਈ ਆਪਣੀ ਐਂਟਰੀ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ।ਦੇਰ ਸ਼ਾਮ ਤਕ ਵੱਖ ਵੱਖ ਟੀਮਾਂ ਪੂਰੇ ਜੋਸ਼-ਓ-ਖਰੋਸ਼ ਨਾਲ ਜਿੱਤ ਦੇ ਝੰਡੇ ਗੱਡਣ ਦੇ ਲਈ ਡਟੀਆਂ ਰਹੀਆਂ। ਇਨ੍ਹਾਂ ਜੇਤੂ ਟੀਮਾਂ ਦੇ ਵਿਚੋਂ ਮੁੜ ਜੀ-1 ਅਤੇ ਜੀ-2 `ਚ 26 ਫਰਵਰੀ ਨੂੰ ਮੁਕਾਬਲੇ ਹੋਣਗੇ ਅਤੇ ਲੀਗ ਮੈਚ 28 ਫਰਵਰੀ ਤੋਂ ਲੈ ਕੇ 2 ਮਾਰਚ ਤਕ ਖੇਡ ਜਾਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ (ਪੁਰਸ਼) ਚੈਂਪੀਅਨਸ਼ਿਪ 2021-22 ਦੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਨ੍ਹਾਂ ਹਾਕੀ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਦੇਵੇਗੀ।ਉਨ੍ਹਾਂ ਆਸ ਪ੍ਰਗਟਾਈ ਕਿ ਖਿਡਾਰੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਆਪੋ ਆਪਣੀਆਂ ਯੂਨੀਵਰਸਿਟੀਆਂ ਦਾ ਨਾਂ ਰੌਸ਼ਨ ਕਰਨਗੇ।ਉਨ੍ਹ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਆਰਗੇਨਾਈਜ਼ਿੰਗ ਸੈਕਟਰੀ ਅਤੇ ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਵੱਲੋਂ 2 ਮਾਰਚ ਤੱਕ ਕੀਤੇ ਜਾਣ ਵਾਲੇ ਮੈਚਾਂ ਦੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਕੀ ਨੂੰ ਉਤਸ਼ਾਹਿਤ ਕਰਨ ਦੇ ਲਈ ਸਮੇਂ ਸਮੇਂ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਹਾਕੀ ਖਿਡਾਰੀਆਂ ਦੇ ਲਈ ਯੂਨੀਵਰਸਿਟੀ ਦਾ ਸਟੇਡੀਅਮ ਸਮਰਪਿਤ ਹੈ ਜਿਸ ਦੇ ਵਿਚ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।ਡਾ. ਕੰਵਰ ਮਨਦੀਪ ਸਿੰਘ, ਸਹਾਇਕ ਡਾਇਰੈਕਟਰ ਸਪੋਰਟਸ ਵੱਲੋਂ ਇਸ ਮੌਕੇ ਨਾਰਥ ਜ਼ੋਨ ਅੰਤਰ-ਵਰਸਿਟੀ ਹਾਕੀ ਚੈਂਪੀਅਨਸ਼ਿਪ 21-22 ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਹਾਕੀ ਨੂੰ ਪ੍ਰਮੋਟ ਕਰਨ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਵੀ ਸ਼ਲਾਘਾ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੇਡੀਅਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਸ.ਐਸ.ਜੇ. ਯੂਨੀਵਰਸਿਟੀ ਅਲਮੋਰਾ ਦੇ ਨਾਕਆਊਟ ਮੈਚ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਖਿਡਾਰੀਆਂ ਨੇ ਅਲਮੋਰਾ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਪੈਰ ਨਹੀਂ ਲੱਗਣ ਦਿੱਤੇ। ਖਬਰ ਲਿਖੇ ਜਾਣ ਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਧੜਾਧੜ 9 ਗੋਲ ਕੀਤੇ ਜਦੋਂਕਿ ਅਲਮੋਰਾ ਯੂਨੀਵਰਸਿਟੀ ਇਕ ਵੀ ਗੋਲ ਨਹੀਂ ਕਰ ਸਕੀ। ਇਸ ਮੌਕੇ ਡਾ. ਕੰਵਰ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਚਾਰ ਪੂਲ ਏ, ਬੀ, ਸੀ ਅਤੇ ਡੀ ਦੇ ਤਹਿਤ ਕਰਵਾਈ ਜਾਂਦੀ ਹੈ।
ਅੱਜ ਪੂਲ ਏ ਦੇ ਤਹਿਤ ਦਿੱਲੀ ਯੂਨੀਵਰਸਿਟੀ ਬਨਾਮ ਸੀਐਸਜੇਐਮ ਕਾਨਪੁਰ ਦੇ ਮੈਚ; ਸੀਡੀਐਲਯੂ ਸਿਰਸਾ ਬਨਾਮ ਪੀ.ਏ.ਯੂ ਲੁਧਿਆਣਾ; ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਬਨਾਮ ਡਾ. ਆਰ.ਐੱਮ.ਐੱਲ. ਅਵਧ, ਅਯੁੱਧਿਆ; ਬੁੰਦੇਲਖੰਡ ਯੂਨੀਵਰਸਿਟੀ, ਝਾਂਸੀ ਬਨਾਮ ਆਈਆਈਐਮਟੀ ਯੂਨੀਵਰਸਿਟੀ, ਮੇਰਠ ਵਿਚਕਾਰ ਮੈਚ ਦਾ ਆਯੋਜਨ ਸੀ।
ਇਸੇ ਤਰ੍ਹਾਂ ਪੂਲ ਬੀ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਬਨਾਮ ਪ੍ਰੋ. ਆਰ ਐਸ ਯੂਨੀਵਰਸਿਟੀ ਪ੍ਰਯਾਗਰਾਜ; ਸੀ.ਸੀ.ਐਸ ਐਚ.ਏ.ਯੂ ਹਿਸਾਰ ਬਨਾਮ ਸੀ.ਬੀ.ਐਲ.ਯੂ ਭਿਵਾਨੀ; ਐਮ.ਜੇ.ਪੀ ਰੋਹੇਲਖੰਡ, ਬਰੇਲੀ ਬਨਾਮ ਕੁਮਾਊਂ ਯਨੀਵਰਸਿਟੀ, ਨੈਨੀਤਾਲ; ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਨਾਮ ਐਮ.ਬੀ.ਐਸ.ਪੀ.ਐਸ.ਯੂ ਪਟਿਆਲਾ ਵਿਚਾਰ ਮੈਚ ਦਾ ਆਯੋਜਨ ਸੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਨਾਮ ਐਸ.ਐਸ.ਜੇ ਯੂਨੀਵਰਸਿਟੀ ਅਲਮੋੜਾ; ਆਈ.ਜੀ.ਕੇ.ਪੀ.ਟੀ.ਯੂ ਬਨਾਮ ਕਲੱਸਟਰ ਯੂਨੀਵਰਸਿਟੀ ਜੰਮੂ; ਯੂਨੀਵਰਸਿਟੀ ਆਫ ਜੰਮੂ ਬਨਾਮ ਐਸਬੀਬੀਐਸ ਯੂਨੀਵਰਸਿਟੀ, ਜਲੰਧਰ; ਐਚ.ਪੀ ਯੂਨੀਵਰਸਿਟੀ ਸ਼ਿਮਲਾ ਬਨਾਮ ਡਾ. ਬੀਆਰਏ ਯਨੀਵਰਸਿਟੀ, ਆਗਰਾ ਦੇ ਮੈਚ ਪੂਲ ਸੀ ਦੇ ਤਹਿਤ ਆਯੋਜਤ ਸਨ ਅਤੇ ਯੂਨੀਵਰਸਿਟੀ ਆਫ ਲਖਨਊ ਬਨਾਮ ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ; ਜੀ.ਕੇ.ਵੀ ਹਰਿਦੁਆਰ ਬਨਾਮ ਯੂਨਵਰਸਿਟੀ ਆਫ ਇਲਾਹਾਬਾਦ; ਸੀਸੀਐਸ ਯੂਨੀਵਰਸਿਟੀ ਮੇਰਠ ਬਨਾਮ ਜੀਕੇਯੂ ਤਲਵੰਡੀ ਸਾਬੋ ਦੇ ਮੈਚ ਪੂਲ ਡੀ ਦੇ ਤਹਿਤ ਆਯੋਜਤ ਸਨ।
ਉਨ੍ਹਾਂ ਦੱਸਿਆ ਕਿ ਨਾਕਆਊਟ ਮੈਚਾਂ ਵਿਚੋਂ ਜੇਤੂ ਰਹਿਣ ਵਾਲੀਆਂ ਟੀਮਾਂ ਦੇ ਮੁਕਾਬਲੇ 27 ਫਰਵਰੀ ਨੂੰ ਪਿਛਲੀਆਂ ਚੈਂਪੀਅਨਸ਼ਿਪ ਦੀਆਂ ਚੌਥੇ ਤੋਂ ਪਹਿਲੇ ਸਥਾਨ `ਤੇ ਰਹੀਆਂ ਕੁਰਕਸ਼ੇਤਰਾ ਯੂਨੀਵਰਸਿਟੀ, ਐਲ.ਪੀ.ਯੂ. ਫਗਵਾੜਾ, ਐਮ.ਡੀ.ਯੂ. ਰੋਹਤਕ ਅਤੇ ਜੇ.ਐਮ.ਆਈ. ਯੂਨੀਵਰਸਿਟੀ, ਨਵੀਂ ਦਿੱਲੀ ਨਾਲ ਭਿੜਨਗੀਆਂ।
ਇਹ ਚੈਂਪੀਅਨਸ਼ਿਪ 02 ਮਾਰਚ ਨੂੰ ਸੰਪਨ ਹੋਵੇਗੀ ਅਤੇ ਜੇਤੂਆਂ ਟੀਮਾਂ ਨੂੰ ਵਾਈਸ ਚਾਂਸਲਰ ਪ੍ਰੋ. ਸੰਧੂ ਟਰਾਫੀਆਂ ਤਕਸੀਮ ਕਰਨਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …