Tuesday, February 18, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ‘ਚ ਸਮਝੌਤਾ

ਚਲਾਏ ਜਾਣਗੇ ਖੇਤੀ ਵਸਤ ਭੰਡਾਰ ਅਤੇ ਸਪਲਾਈ ਚੇਨ ਬਾਰੇ ਸਿਖਲਾਈ ਪ੍ਰੋਗਰਾਮ

ਅੰਮ੍ਰਿਤਸਰ, 11 ਮਾਰਚ (ਖੁਰਮਣੀਆਂ) – ਕੁਸ਼ਲ ਮਨੁੱਖੀ ਸਰੋਤਾਂ ਦੀ ਸਿਰਜਣਾ ਵਿੱਚ ਗਿਆਨ, ਹੁਨਰ ਅਤੇ ਯੋਗਤਾ ਦੇ ਨਾਲ ਤੇਜ਼ੀ ਲਿਆਉਣ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਵਿਚਕਾਰ ਅੱਜ ਇਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ।ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨ.ਐਸ.ਡੀ.ਸੀ) ਰਾਹੀਂ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐਮ.ਐਸ.ਡੀ.ਈ) ਦੁਆਰਾ ਸਥਾਪਤ ਸੰਸਥਾ ਹੈ।
                    ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਅੱਜ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ ਅਤੇ ਕੌਂਸਲ ਦੇ ਮੁੱਖ ਸੰਚਾਲਨ ਅਧਿਕਾਰੀ ਰਵੀਕਾਂਤ ਯਮਾਰਥੀ ਨੇ ਇਸ ਸਮਝੌਤੇ `ਤੇ ਹਸਤਾਖਰ ਕੀਤੇ।
                 ਇਸ ਸਮਝੌਤੇ ਅਧੀਨ ਖੇਤੀਬਾੜੀ ਸਟੋਰੇਜ ਅਤੇ ਸਪਲਾਈ ਚੇਨ ਵਿੱਚ ਅਪਰੈਂਟਿਸ-ਅਧਾਰਤ ਬੀ.ਐਮ.ਐਸ ਡਿਗਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਸਬੰਧਤ ਲੋਕਾਂ ਨੂੰ ਕੈਰੀਅਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।ਇਹ ਪ੍ਰੋਗਰਾਮ ਉਹਨਾਂ ਵਿਅਕਤੀਆਂ ਲਈ ਮੌਕਾ ਪ੍ਰਦਾਨ ਕਰੇਗਾ ਜੋ ਡਿਗਰੀ ਲਈ ਪੜ੍ਹਾਈ ਕਰਨਾ ਚਾਹੁੰਦੇ ਹਨ, ਪਰ ਸਪਲਾਈ ਚੇਨ ਉਦਯੋਗ ਵਿੱਚ ਇੱਕ ਪ੍ਰਮੁੱਖ ਗਲੋਬਲ ਬ੍ਰਾਂਡ ਲਈ ਕੰਮ ਕਰਦੇ ਹਨ।
                  ਹਸਤਾਖਰ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਸਮੇਂ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਦੀ ਰਹਿੰਦੀ ਹੈ ਅਤੇ ਇਸੇ ਤਹਿਤ ਹੁਨਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਉਦਯੋਗ ਨਾਲ ਸਾਂਝੇਦਾਰੀ ਦੀ ਸਖਤ ਲੋੜ ਹੈ ਅਤੇ ਇਹ ਕੌਂਸਲ ਪ੍ਰੋਗਰਾਮ ਦੇ ਉਦੇਸ਼ਾਂ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਸੰਬੰਧਿਤ ਉਦਯੋਗਿਕ ਭਾਈਵਾਲਾਂ ਵਿਚ ਬਜ਼ਾਰ ਨਾਲ ਸਬੰਧਤ ਸੂਚਨਾ ਤੇ ਗਿਆਨ ਦੀ ਲਗਾਤਰਤਾ ਬਣਾਉਂਦਾ ਹੈ।ਯੂਨੀਵਰਸਿਟੀ ਦੀ ਪੜ੍ਹਾਈ ਵਿਚ ਵਿਦਿਆਰਥੀਆਂ ਵਿਚ ਉਦਮੀ ਮਨੋਬਿਰਤੀ ਦਾ ਵੀ ਵਿਕਾਸ ਕੀਤਾ ਜਾਂਦਾ ਹੈ, ਤਾਂ ਜੋ ਉਹ ਆਪਣੇ ਉਦਯੋਗ ਸਥਾਪਤ ਕਰ ਸਕਣ।
               ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਯੂਨੀਵਰਸਿਟੀ ਉਨ੍ਹਾਂ ਪ੍ਰਮੁੱਖ ਸੰਸਥਾਵਾਂ ਵਿਚੋਂ ਇੱਕ ਹੈ, ਜੋ ਲੌਜਿਸਟਿਕ ਸੈਕਟਰ ਸਕਿਲ ਕੌਂਸਲ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪੇਸ਼ ਕਰ ਰਹੀ ਹੈ।ਇਹ ਪ੍ਰੋਗਰਾਮ ਉਦਯੋਗ ਇੰਟਰਨਸ਼ਿਪ, ਸੰਕਲਪਿਕ ਸਿਖਲਾਈ ਅਤੇ ਉਦਯੋਗਿਕ ਸੰਚਾਰ ਦਾ ਸਮੇਲ ਹੈ।
ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਤੋਂ ਰਵੀਕਾਂਤ ਯਮਾਰਥੀ ਨੇ ਦੱਸਿਆ ਕਿ ਉਹ ਇਸ ਸਾਂਝੇਦਾਰੀ ਅਤੇ ਲੌਜਿਸਟਿਕ ਸੈਕਟਰ ਵਿੱਚ ਦੋ ਸਭ ਤੋਂ ਵੱਧ ਮੰਗ ਵਾਲੇ ਕੋਰਸਾਂ ਦੀ ਚੋਣ ਕਰਕੇ ਅਗਵਾਈ ਕਰਨ ਲਈ ਯੂਨੀਵਰਸਿਟੀ ਦੇ ਬਹੁਤ ਧੰਨਵਾਦੀ ਹਨ।
                ਪ੍ਰੋ: ਹਰਦੀਪ ਸਿੰਘ ਡੀਨ ਅਕਾਦਮਿਕ ਮਾਮਲੇ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਇਹ ਉਮੀਦ ਜਤਾਈ ਕਿ ਲੌਜਿਸਟਿਕ ਸਕਿੱਲ ਕੌਂਸਲ ਅਤੇ ਯੂਨੀਵਰਸਿਟੀ ‘ਚ ਇਸ ਸਮਝੌਤੇ ਦਾ ਵਿਦਿਆਰਥੀ ਅਤੇ ਉਦਯੋਗ ਵਰਗ ਨੂੰ ਬਹੁਤ ਲਾਭ ਪਹੁੰਚੇਗਾ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …