ਅੰਮ੍ਰਿਤਸਰ ’ਚ ਨੌਜਵਾਨਾਂ ਦੇ ਰੁਜ਼ਗਾਰ ਲਈ ਆਈ.ਟੀ ਪਾਰਕ ਲਿਆਵਾਗੇ – ਔਜਲਾ
ਅੰਮ੍ਰਿਤਸਰ, 10 ਮਈ (ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਵਲੋਂ ਜਿਥੇ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ।ਉਥੇ ਪੰਜਾਬ ਦੇ ਨੌਜਵਾਨ ਪੀੜ੍ਹੀ ਪ੍ਰਤੀ ਪੂਰੀ ਦਿਲਚਪਸੀ ਦਿਖਾਉਂਦੇ ਹੋਏ ਉਨਾਂ ਵੱਲੋਂ ਅੱਜ ਵੱਖ-ਵੱਖ ਆਈ.ਟੀ ਕੰਪਨੀਆਂ ’ਚ ਕੰਮ ਕਰਨ ਵਾਲੇ ਨੁਮਾਇੰਦੀਆਂ ਤੇ ਮਾਹਿਰਾਂ ਨਾਲ ਇੱਕ ਬੈਠਕ ਕੀਤੀ ਗਈ।ਉਨਾਂ ਨੇ ਮਨਦੀਪ ਕੌਰ ਟਾਂਗਰਾ ਸਿਬਾਕੁਆਰਟ ਆਈ.ਟੀ ਕੰਪਨੀ, ਮਨੀਸ਼ ਸਲਵਾਨ, ਆਰਤੀ ਸ਼ਰਮਾ, ਅਰੁਣ ਸ਼ਰਮਾ, ਅਭਿਨਵ ਠੁਕਰਾਲ, ਸਰਬਜੀਤ ਸਿੰਘ, ਬਲਦੇਵ ਸਿੰਘ, ਨਮਿਤ ਕਪੂਰ ਆਦਿ ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਅੰਮ੍ਰਿਤਸਰ ਵਿਖੇ ਆਈ.ਟੀ ਕੰਪਨੀ ਨੂੰ ਉਤਸ਼ਾਹਿਤ ਕਰਨ ਹਿੱਤ ਵਿਚਾਰਾਂ ਕੀਤੀਆਂ।
ਗੁਰਜੀਤ ਔਜਲਾ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨੂੰ ਆਪਣੇ ਘਰਾਂ ਤੋਂ ਦੂਰ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਕਿਸਮਤ ਅਜ਼ਮਾਉਂਦੇ ਹਨ।ਪਰ ਮੇਰਾ ਇਕੋ ਉਦੇਸ਼ ਹੈ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਦੇਣ।ਜਿਸ ਲਈ ਜਲਦ ਹੀ ਅੰਮ੍ਰਿਤਸਰ ’ਚ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਆਈ.ਟੀ ਪਾਰਕ ਲੈ ਕੇ ਆਵਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਤਕਰੀਬਨ ਆਪਣੀ ਪੜ੍ਹਾਈ ਲਿਖਾਈ ਤੋਂ ਬਾਅਦ ਆਪਣੇ ਘਰਾਂ ਤੇ ਸ਼ਹਿਰਾਂ ਤੋਂ ਦੂਰ ਬੰਗਲੋਰ, ਚੇਨਈ, ਨੋਇਡਾ, ਦਿੱਲੀ ਆਦਿ ਦੂਰ ਦਰਾਡੇ ਸ਼ਹਿਰਾਂ ’ਚ ਜਾ ਕੇ ਆਈ.ਟੀ ਕੰਪਨੀਆਂ ਵਿੱਚ ਨੌਕਰੀਆਂ ਕਰਨੀਆਂ ਪੈਂਦੀਆਂ ਹਨ।ਇਸ ਨਾਲ ਸਾਡੇ ਪੰਜਾਬ ਦੀ ਅਰਥ ਵਿਵਸਥਾ ਦਾ ਜਿਥੇ ਵਿਕਾਸ ਰੁੱਕ ਜਾਂਦਾ ਹੈ, ਉਥੇ ਪੰਜਾਬ ਵਿਚ ਪੜ੍ਹੇ ਲਿਖੇ ਨੌਜਵਾਨ ਦੂਸਰੇ ਪ੍ਰਾਂਤਾਂ ਵਿਚ ਜਾ ਕੇ ਉਥੋਂ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ’ਚ ਆਈ.ਟੀ ਪਾਰਕ ਬਣ ਜਾਣ ਨਾਲ ਜਿਥੇ ਨੌਜਵਾਨ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣਗੇ ਉਥੇ ਬਾਹਰਲੇ ਸਬਿਆਂ ਵਿਚੋਂ ਹੋਰ ਆਈ.ਟੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨਗੀਆਂ ਅਤੇ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਵਧੇਗਾ।
ਇਸ ਮੌਕੇ ਲਾਲੀ ਮੀਰਾਂਕੋਟ, ਅਮਰਪ੍ਰੀਤ ਸਿੰਘ ਸੰਧੂ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।