20 ਮਈ ਤੱਕ ਫੈਸਲਾ ਨਾ ਬਦਲਿਆ ਤਾਂ ਹੋਵੇਗਾ ਤਿੱਖਾ ਸੰਘਰਸ਼ – ਬਲਵੀਰ ਸਿੰਘ ਖੀਰਨੀਆਂ
ਸਮਰਾਲਾ, 10 ਮਈ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੁਆਰਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੁਆਰਾ ਕੀਤੇ ਐਲਾਨ ਦੀ ਹਮਾਇਤ ਵਿੱਚ ਝੋਨੇ ਦੇ ਸੀਜ਼ਨ ਲਈ ਜਾਰੀ 18 ਜੂਨ ਦੀ ਸਮਾਂ ਸਾਰਨੀ ਨਾ ਮਨਜ਼ੂਰ ਕਰਦੇ ਹੋਏ 10 ਜੂਨ ਤੋਂ ਝੋਨਾ ਲਾਉਣ ਦਾ ਫੈਸਲਾ ਕੀਤਾ ਹੈ।ਬੀ.ਕੇ.ਯੂ (ਦੋਆਬਾ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਕਟਾਣਾ ਸਾਹਿਬ ਨੇ ਕੀਤਾ।ਉਨ੍ਹਾਂ ਦੱਸਿਆ ਕਿ ਅ ਜ ਇਸ ਸਬੰਧੀ ਬੀ.ਕੇ.ਯੂ (ਦੋਆਬਾ) ਵਲੋਂ ਇੱਕ ਮੰਗ ਪੱਤਰ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦਿੱਤਾ ਗਿਆ।ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਕਿਸਾਨ 10 ਜੂਨ ਤੋਂ ਹੀ ਝੋਨਾ ਲਗਾਉਣਗੇ, ਇਸ ਸਬੰਧੀ 20 ਮਈ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ, ਜੇਕਰ ਸਰਕਾਰ ਨੇ ਉਦੋਂ ਤੱਕ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਹਲਕਾ ਵਿਧਾਇਕ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਭਰੋਸਾ ਦਿਵਾਇਆ।
ਇਸ ਮੌਕੇ ਬਹਾਦਰ ਸਿੰਘ, ਚਰਨ ਸਿੰਘ ਪ੍ਰਧਾਨ, ਅਵਤਾਰ ਸਿੰਘ, ਅਮਰੀਕ ਸਿੰਘ, ਜੀਤ ਸਿੰਘ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਦਰਜਨਾਂ ਦੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।