ਵਿਸ਼ਵ ਰੈਡ ਕਰਾਸ ਦਿਵਸ ਮੌਕੇ ਮੈਗਾ ਖੂਨਦਾਨ ਕੈਂਪ ਆਯੋਜਿਤ
ਸੰਗਰਰ, 10 ਮਈ (ਜਗਸੀਰ ਲੌਂਗੋਵਾਲ) – ਵਿਸ਼ਵ ਰੈਡ ਕਰਾਸ ਦਿਵਸ ਮੌਕੇ ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਆਯੋਜਿਤ ਮੈਗਾ ਖੂਨਦਾਨ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ ਸਮੇਤ 130 ਵਲੰਟੀਅਰਾਂ ਵਲੋਂ ਖੂਨਦਾਨ ਕਰਦਿਆਂ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਗਿਆ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਰੈਡ ਕਰਾਸ ਦੇ ਸੰਸਥਾਪਕ ਸਰ ਹੈਨਰੀ ਡੁਨੈਂਟ ਦੀ ਮਨੁੱਖਤਾ ਦੀ ਸੇਵਾ ਵਾਲੀ ਸੋਚ ਨੂੰ ਅਪਣਾਉਂਦੇ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸੜਕ ਦੁਰਘਟਨਾਵਾਂ ਦੌਰਾਨ ਵੀ ਬਹੁਤੀਆਂ ਜਾਨਾਂ ਸਿਰਫ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਅਜਾਈਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ।ਇਸ ਲਈ ਹਰੇਕ ਨਾਗਰਿਕ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਇਸ ਮਹਾਂਦਾਨ ਪ੍ਰਤੀ ਨਾ ਕੇਵਲ ਖੁੱਦ ਬਲਕਿ ਆਪਣੇ ਪਰਿਵਾਰਾਂ, ਦੋਸਤਾਂ ਤੇ ਜਾਣਕਾਰਾਂ ਨੂੰ ਜਾਗਰੂਕ ਕਰਦੇ ਹੋਏ ਖੂਨਦਾਨ ਮੁਹਿੰਮ ਵਿੱਚ ਯੋਗਦਾਨ ਪਾਉਂਦੇ ਰਹਿਣ।
ਇਸ ਤੋਂ ਪਹਿਲਾਂ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਰ ਹੈਨਰੀ ਡੁਨੈਂਟ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਉਨਾਂ ਦੀ ਮਹਾਨ ਦੇਣ ਨੂੰ ਯਾਦ ਕੀਤਾ।ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ਼ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨਿਕ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਰੈਡ ਕਰਾਸ ਸੁਸਾਇਟੀ ਦੇ ਵਿਦਿਆਰਥੀਆਂ ਦੀ ਤਰਫੋਂ ਖੂਨਦਾਨ ਮਹਾਂਦਾਨ ਦੀ ਅਹਿਮੀਅਤ ਨੂੰ ਦਰਸਾਉਂਦੀ ਸਕਿੱਟ ਨੇ ਸਾਰਿਆਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਦਿਆਂ ਪ੍ਰਭਾਵਿਤ ਕੀਤਾ।ਹੋਮੀ ਭਾਬਾ ਕੈਂਸਰ ਹਸਪਤਾਲ ਦੇ ਕੰਸਲਟੈਂਟ ਸਰਜੀਕਲ ਓਂਕੋਲੋਜੀ ਡਾ. ਦੇਬਾਸ਼ੀਸ਼ ਚੌਧਰੀ ਦੀ ਤਰਫੋਂ ਹਸਪਤਾਲ ਦੀ ਕਾਰਗੁਜ਼ਾਰੀ ਅਤੇ ਕੈਂਸਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸਮੇਤ ਹੋਰ ਅਧਿਕਾਰੀਆਂ ਨੂੰ ਬੂਟੇ ਭੇਟ ਕੀਤੇ ਗਏ ਡਿਪਟੀ ਕਮਿਸ਼ਨਰ ਨੂੰ ਜ਼ਿਲਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਯਾਦਗਾਰੀ ਚਿੰਨ ਭੇਟ ਕੀਤਾ ਗਿਆ।
ਇਸ ਦੌਰਾਨ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਡਾ. ਡਿੰਪਲ ਕਾਲੜਾ, ਸਕੱਤਰ ਰੈਡ ਕਰਾਸ ਕੇ.ਕੇ ਮਿੱਤਲ, ਐਨ.ਜੀ.ਓ਼, ਮੈਂਬਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।