Sunday, March 30, 2025
Breaking News

ਮੁਰਾਦਾਬਾਦ ’ਚ ਲੰਗਰ ਹਾਲ ਅਤੇ ਸਿੱਖਾਂ ਦੇ ਘਰ ਢਾਹੁਣ ਵਾਲੇ ਅਧਿਕਾਰੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ- ਐਡਵੋਕੇਟ ਧਾਮੀ

ਯੂ.ਪੀ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ

ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਨਜ਼ਦੀਕ ਪਿੰਡ ਗਾਗਨ ਮਨੋਹਰਪੁਰ ਵਿਖੇ ਪ੍ਰਸਾਸ਼ਨ ਵੱਲੋਂ ਲੰਗਰ ਹਾਲ ਅਤੇ ਕੁੱਝ ਸਿੱਖਾਂ ਦੇ ਘਰ ਤੋੜਨ ਦੇ ਸਬੰਧ ਵਿਚ ਇਨਸਾਫ ਕਰਨ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਪੱਤਰ ਲਿਖਿਆ ਹੈ।ਐਡਵੋਕੇਟ ਧਾਮੀ ਨੇ ਯੂ.ਪੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਗਾਗਨ ਮਨੋਹਰਪੁਰ ਵਿਖੇ ਸੰਨ 1973 ਤੋਂ ਵੱਸੇ ਹੋਏ ਸਿੱਖਾਂ ਨੂੰ ਜਾਣ ਬੁੱਝ ਕੇ ਉਜਾੜਿਆ ਜਾ ਰਿਹਾ ਹੈ, ਲਿਹਾਜ਼ਾ ਇਸ ਮਾਮਲੇ ਵਿਚ ਸਬੰਧਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
               ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂ.ਪੀ ਸਿੱਖ ਮਿਸ਼ਨ ਹਾਪੜ ਰਾਹੀਂ ਪੜਤਾਲ ਕਰਵਾਈ ਗਈ ਹੈ, ਜਿਸ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਜ਼ਮੀਨ ਪੰਚਾਇਤ ਵੱਲੋਂ 1973 ਵਿਚ ਗੰਗਾ ਸਿੰਘ ਨਾਂ ਦੇ ਵਿਅਕਤੀ ਨੂੰ ਦਿੱਤੀ ਗਈ ਸੀ, ਜਿਸ ਦਾ ਪਰਿਵਾਰ ਹੁਣ ਤੱਕ ਇਸ ’ਤੇ ਰਹਿ ਰਿਹਾ ਹੈ।ਇਨ੍ਹਾਂ ਸਿੱਖਾਂ ਨੇ ਉਥੇ ਇਕ ਗੁਰਦੁਆਰਾ ਸਾਹਿਬ ਵੀ ਤਿਆਰ ਕੀਤਾ ਹੈ ਅਤੇ ਇਕ ਲੰਗਰ ਹਾਲ ਬਣਾਇਆ ਹੋਇਆ ਹੈ।ਜਿਥੇ ਰੋਜ਼ਾਨਾ ਸੈਂਕੜੇ ਲੋਕ ਫ੍ਰੀ ਲੰਗਰ ਛਕਦੇ ਹਨ।ਪਰ ਪ੍ਰਸ਼ਾਸਨ ਨੇ ਲੰਗਰ ਹਾਲ ਨੂੰ ਤੋੜਦਿਆਂ ਕੁੱਝ ਸਿੱਖ ਪਰਿਵਾਰਾਂ ਦੇ ਘਰ ਵੀ ਢਾਹ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਇਹ ਧੱਕੇਸ਼ਾਹੀ ਵਾਲੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।ਐਡਵੋਕੇਟ ਧਾਮੀ ਨੇ ਆਖਿਆ ਕਿ 50 ਸਾਲ ਤੋਂ ਵੱਸੇ ਸਿੱਖਾਂ ਨੂੰ ਉਜਾੜਨਾ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ ਅਤੇ ਯੂ.ਪੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਗਰਿਕਾਂ ਨਾਲ ਹੁੰਦੀ ਧੱਕੇਸ਼ਾਹੀ ਰੋਕੇ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਗ ਕੀਤੀ ਕਿ ਸਿੱਖਾਂ ਦੇ ਘਰ ਢਾਹੁਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਦਾ ਉਜਾੜਾ ਰੋਕਿਆ ਜਾਵੇ।

Check Also

ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …