ਆਨਲਾਈਨ ਹੋਵੇਗੀ ਬੁਕਿੰਗ ਤੇ ਰੋਜ਼ਾਨਾ ਸਵੇਰੇ 10.45 ਵਜੇ ਚੱਲੇਗੀ ਬੱਸ
ਕਪੂਰਥਲਾ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਕੀਤੇ ਐਲਾਨ ਨਾਲ ਪੀ.ਆਰ.ਟੀ.ਸੀ ਕਪੂਰਥਲਾ ਤੋਂ ਵੀ 15 ਜੂਨ ਨੂੰ ਸੁਪਰ ਲਗਜ਼ਰੀ ਵੋਲਵੋ ਬੱਸ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਰਵਾਨਾ ਹੋਵੇਗੀ।ਪੀ.ਆਰ.ਟੀ.ਸੀ ਕਪੂਰਥਲਾ ਡਿਪੂ ਦੇ ਮੈਨੇਜਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਬੱਸ ਦਾ ਕਿਰਾਇਆ ਲਗਭਗ 1200 ਤੋਂ 1300 ਰੁਪਏ ਹੋਵੇਗਾ ਤੇ ਇਸ ਦੀ ਬੁਕਿੰਗ ਆਨਲਾਈਨ ਹੋਵੇਗੀ।
ਕਪੂਰਥਲਾ ਬੱਸ ਅੱਡੇ ਤੋਂ 15 ਜੂਨ ਨੂੰ ਸਵੇਰੇ 10.45 ਵਜੇ ਬੱਸ ਰਵਾਨਾ ਹੋਵੇਗੀ, ਜੋ ਨਵੀਂ ਦਿੱਲੀ ਹਵਾਈ ਅੱਡੇ ਤੱਕ ਸਿੱਧੀ ਜਾਵੇਗੀ।ਉਨਾਂ ਦੱਸਿਆ ਕਿ ਪੀ.ਆਰ.ਟੀ.ਸੀ (ਪੈਪਸੂ ਰੋਡ ਟਰਾਂਸਪੋਰ ਕਾਰਪੋਰੇਸ਼ਨ) ਦੀਆਂ ਇਨ੍ਹਾਂ ਬੱਸਾਂ ਦੀ ਬੁਕਿੰਗ ਪੈਪਸੂਆਨਲਾਈਨ ਡਾਟ ਕਾਮ ਵੈਬਸਾਈਟ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ, ਜਿਥੇ ਕਿ ਇਨ੍ਹਾਂ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਵੀ ਉਪਲੱਬਧ ਹੋਵੇਗੀ।
ਇਸ ਨਾਲ ਸੇਵਾ ਨਾਲ ਹਵਾਈ ਅੱਡੇ ਲਈ ਜਾਣ ਵਾਲੇ ਐਨ.ਆਰ.ਆਈ ਤੇ ਕਪੂਰਥਲਾ ਜ਼ਿਲ੍ਹੇ ਦੇ ਨਿਵਾਸੀਆਂ ਸਮੇਤ ਹੋਰਨਾਂ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀਆਂ ਲਈ ਵੀ ਇਹ ਸਹੂਲਤ ਇੱਕ ਵਰਦਾਨ ਸਾਬਤ ਹੋਵੇਗੀ, ਕਿਉਂਕਿ ਉਹ ਆਪਣੀ ਬੱਸ ਦੀ ਟਿਕਟ ਵਿਦੇਸ਼ ਬੈਠੇ ਹੀ ਬੁੱਕ ਕਰ ਸਕਣਗੇ।