ਅੰਮ੍ਰਿਤਸਰ, 10 ਜੁਨ (ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਦਾ ਲਿਖਿਆ ਅਤੇ ਪ੍ਰੋਫੈਸਰ ਇਮੈਨੂਅਲ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ਫਾਸਲੇ ਦਾ ਪੰਜਾਬ ਨਾਟਸ਼ਾਲਾ ਵਿਚ ਸਫਲਤਾਪੂਰਵਕ ਮੰਚਨ ਹੋਇਆ।ਫਾਸਲੇ ਨਾਟਕ ਦੀ ਕਹਾਣੀ ਮੰਡ ਖੇਤਰ ਦੇ ਇੱਕ ਪੱਛੜੇ ਹੋਏ ਪਿੰਡ ਦੀ ਡਿਸਪੈਂਸਰੀ ਵਿੱਚ ਤਾਇਨਾਤ ਸ਼ਹਿਰੀ ਡਾਕਟਰ ਅਤੇ ਸਪੇਰਣ ਦੀ ਮੁਹੱਬਤ ਦੁਆਲੇ ਘੁੰਮਦੀ ਹੈ।ਫਾਸਲੇ ਨਾਟਕ ਵਿੱਚ ਦਿਨ ਬਦਿਨ ਸਾਡੇ ਸਮਾਜ ਵਿੱਚ ਵਧ ਰਹੇ ਊਚ ਨੀਚ ਜਾਤ-ਪਾਤ ਅਮੀਰੀ ਗ਼ਰੀਬੀ ਦੇ ਫ਼ਾਸਲੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ।ਇਸ ਨਾਟਕ ਵਿਚ ਸਰਕਾਰੀ ਅਦਾਰਿਆਂ ਵਿੱਚ ਹੁੰਦੀ ਲੁੱਟ ਖਸੁੱਟ ਤੇ ਫੈਲੇ ਭ੍ਰਿਸ਼ਟਾਚਾਰ ਬਾਰੇ ਵੀ ਤਿੱਖਾ ਵਿਅੰਗ ਕੀਤਾ ਗਿਆ ਹੈ।ਨਾਟਕ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਰੰਗਮੰਚ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਨਾਟਕ ਦੇ ਦ੍ਰਿਸ਼ਾਂ ਅਨੁਸਾਰ ਮੰਚ ਉਪਰ ਅਤੇ ਦਰਸ਼ਕਾਂ ਉਪਰ ਬਾਰਿਸ਼ ਹੋਣਾ, ਚੰਨ ਤਾਰਿਆਂ ਨਾਲ ਭਰਿਆ ਅਸਮਾਨ, ਫੁੱਲਾਂ ਦੀ ਖੁਸ਼ਬੂ, ਦਰਿਆ ਦਾ ਦਿਲਕਸ਼ ਨਜ਼ਾਰਾ ਆਦਿ ਦੀ ਪੇਸ਼ਕਾਰੀ ਦਰਸ਼ਕਾਂ ਦੇ ਦਿਲਾਂ ਨੂੰ ਧੁਰ ਅੰਦਰ ਤਕ ਧੂਹ ਪਾਉਂਦੀ ਹੈ।
ਫਾਸਲੇ ਨਾਟਕ ਸਾਡੇ ਸਮਾਜ ਦੇ ਵੱਖ-ਵੱਖ ਪੱਖਾਂ ਵਿੱਚ ਵਧ ਰਹੇ ਫ਼ਾਸਲਿਆਂ ਦੀ ਨਿਸ਼ਾਨਦੇਹੀ ਕਰਦਾ ਹੈ।ਭਾਵੇਂ ਸਾਇੰਸ ਦੀ ਤਰੱਕੀ ਦੁਆਰਾ ਅਤਿ ਆਧੁਨਿਕ ਸੰਚਾਰ ਸਾਧਨਾਂ ਸਦਕਾ ਭੂਗੋਲਿਕ ਫ਼ਾਸਲੇ ਘਟੇ ਹਨ, ਪਰ ਮਨੁੱਖੀ ਮਨਾਂ ਦੇ ਫ਼ਾਸਲੇ ਵਧ ਰਹੇ ਹਨ ਜਾਤ ਪਾਤ ਊਚ-ਨੀਚ ਧਰਮਾਂ ਵਰਗਾਂ ਅਤੇ ਫਿਰਕਿਆਂ ਦੇ ਫ਼ਾਸਲੇ ਵਧ ਰਹੇ ਹਨ ਅਸਲ ;ਚ ਅਮੀਰੀ ਗ਼ਰੀਬੀ ਦਾ ਫ਼ਾਸਲਾ ਇਸ ਨਾਟਕ ਦਾ ਕੇਂਦਰੀ ਬਿੰਦੂ ਹੈ।ਉਚੇ ਇਖਲਾਕ ਵਾਲੇ ਸੂਝਵਾਨ ਲੋਕ ਕੋਈ ਸਮਾਜਿਕ ਕਦਰਾਂ ਕੀਮਤਾਂ ਦੇ ਤਾਣੇ ਬਾਣੇ ਵਿੱਚ ਫਸੇ ਹੋਏ ਬੇਵੱਸ ਪ੍ਰਤੀਤ ਹੁੰਦੇ ਹਨ ਤਾਂ ਹੀ ਨਾਟਕ ਕੋਈ ਸ਼ਹਿਰੀ ਨੌਜਵਾਨ ਤੇ ਸਪੇਰਣ ਮੁਟਿਆਰ ਦੀ ਖਾਮੋਸ਼ ਮੁਹੱਬਤ ਗ਼ਲਤ ਸਮਾਜਿਕ ਕਦਰਾਂ ਕੀਮਤਾਂ ਦੀ ਭੇਟ ਚੜ੍ਹਦੀ ਹੈ।ਮੈਂ ਲਿਖਿਆ ਪੈਸੇ ਦੇ ਲੋਭ ਲਾਲਚ ਭ੍ਰਿਸ਼ਟਾਚਾਰ ਵੱਢੀਖੋਰੀ ਅਤੇ ਨਿਰਦਈਪਣ ਵਰਗੇ ਵਰਤਾਰੇ ਭ੍ਰਿਸ਼ਟ ਨਿਜ਼ਾਮ ਨੂੰ ਸਥਾਪਤ ਕਰਕੇ ਸਾਡੇ ਸਮਾਜਿਕ ਪ੍ਰਬੰਧ ਨੂੰ ਕਲੰਕਤ ਕਰਦੇ ਹਨ।ਇਹ ਨਾਟਕ ਇਨ੍ਹਾਂ ਸਮਾਜਿਕ ਫ਼ਾਸਲੇ ਨੂੰ ਮਿਟਾਉਣ ਲਈ ਯਤਨਸ਼ੀਲ ਹੈ।ਫਾਸਲੇ ਨਾਟਕ ਦੀ ਪੇਸ਼ਕਾਰੀ ਪੂਰਵਲੀਆਂ ਪੇਸ਼ਕਾਰੀਆਂ ਨਾਲੋਂ ਬਿਲਕੁੱਲ ਨਿਵੇਕਲੀ ਕਿਸਮ ਦੀ ਹੈ।ਸਿਰਫ਼ ਲੋਕ ਧੁਨਾਂ ਦੀ ਵਰਤੋਂ ਕਰਕੇ ਇਸ ਨੂੰ ਸੰਗੀਤਕ ਨਾਟਕ ਸਥਾਪਤ ਕੀਤਾ ਗਿਆ ਹੈ।ਮੰਚ ਉਤੇ ਨਵੀਂ ਕਿਸਮ ਦੇ ਸੈਟ ਅਤੇ ਪ੍ਰਯੋਗ ਇਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੇ ਹਨ।
ਨਾਟਕ ਦੇ ਸਹਿ ਨਿਰਦੇਸ਼ਕ ਅਤੇ ਮੁੱਖ ਪਾਤਰ ਪ੍ਰੋਫੈਸਰ ਸਮਰੀਤ ਕੌਰ ਦੀ ਭਾਵਪੂਰਤ ਪੇਸ਼ਕਾਰੀ ਹਰ ਦ੍ਰਿਸ਼ ਵਿੱਚ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਈ।ਇਸ ਤੋਂ ਇਲਾਵਾ ਡਾਕਟਰ ਦੀ ਭੂਮਿਕਾ ਕਰਨਵੀਰ ਸਿੰਘ, ਪਿਤਾ ਦੀ ਭੂਮਿਕਾ ਡਾ. ਆਤਮਾ ਸਿੰਘ ਗਿੱਲ, ਮਾਂ ਦੀ ਭੂਮਿਕਾ ਵਿਚ ਡੌਲੀ ਸੱਡਲ, ਦਾਰੇ ਦੀ ਭੂਮਿਕਾ ਵਿੱਚ ਮਰਕਸਪਾਲ ਗੁਮਟਾਲਾ, ਮਨਦੀਪ ਕੌਰ, ਗੁਰਸਾਹਿਬ, ਧਿਆਨ ਚੰਦ, ਗਗਨ ਸੈਣੀ, ਰਾਜਵਿੰਦਰ ਕੌਰ, ਲਵਪ੍ਰੀਤ ਪਰਮਿੰਦਰ ਕੌਰ, ਰਾਜਬੀਰ ਸਿੰਘ, ਰੌਬਿਨਬੀਰ ਕੌਰ ਆਦਿ ਅਦਾਕਾਰਾਂ ਦੀ ਭੂਮਿਕਾ ਨੇ ਦਰਸ਼ਕਾਂ ਨੂੰ ਆਖੀਰ ਤੱਕ ਕੀਲੀ ਰੱਖਿਆ।ਹੈਰੀਸਨ, ਪ੍ਰਭਜੋਤ ਸੰਘਾ ਅਤੇ ਨਿਕਿਤਾ ਪੁਰੀ ਦੀ ਖੂਬਸੂਰਤ ਆਵਾਜ਼ ਨੇ ਨਾਟਕ ਨੂੰ ਸਿਖਰ ਉਪਰ ਪਹੁੰਚਾ ਦਿੱਤਾ।
ਜਤਿੰਦਰ ਬਰਾੜ ਦਾ ਲਿਖਿਆ ਨਾਟਕ ਫਾਸਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਵੱਖੋ ਵੱਖਰੇ ਕੋਰਸਾਂ ਬੀ.ਏ ਬੀ.ਐਸ.ਸੀ ਬੀ.ਕਾਮ ਬੀ.ਐਡ ਆਦਿ ਦੇ ਸਿਲੇਬਸ ਵਿੱਚ ਪਿੱਛਲੇ ਕਈ ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਹੈ।ਜਿਸ ਕਾਰਨ ਵਿਦਿਆਰਥੀਆਂ ਵਿੱਚ ਇਸ ਨਾਟਕ ਨੂੰ ਵੇਖਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਪਹਿਲਾਂ ਵੀ ਇਸ ਨਾਟਕ ਦੇ 200 ਤੋਂ ਵੱਧ ਸ਼ੋਅ ਹੋ ਚੁੱਕੇ ਹਨ ਪਰ ਪ੍ਰੋਫ਼ੈਸਰ ਇਮੈਨੂਅਲ ਸਿੰਘ ਨੇ ਕ੍ਰੀਏਟਿਵ ਡਾਇਰੈਕਸ਼ਨ ਨਾਲ ਇਸ ਨਾਟਕ ਨੂੰ ਬਿਲਕੁੱਲ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ।ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ, ਡਾ. ਇੰਦਰਬੀਰ ਸਿੰਘ ਨਿੱਜ਼ਰ, ਅਰਵਿੰਦਰ ਭੱਟੀ, ਵੱਖ-ਵੱਖ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਸ਼ਹਿਰ ਦੀਆਂ ਉਘੀਆਂ ਹਸਤੀਆਂ ਅਤੇ ਕਲਾ ਪ੍ਰੇਮੀਆਂ ਨੇ ਨਾਟਕ ਦਾ ਆਨੰਦ ਮਾਣਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …