Monday, December 23, 2024

ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ ਨਵੀਂ ਸਕੀਮ ‘ਅਗਨੀਪਥ’ ਦਾ ਅਵਿਨਾਸ਼ ਰਾਏ ਖੰਨਾ ਵਲੋਂ ਸਵਾਗਤ

ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਮੋਦੀ ਸਰਕਾਰ ਵਲੋਂ ਲਾਗੂ ਕੀਤੀ ਗਈ ਨਵੀਂ ਸਕੀਮ ‘ਅਗਨੀਪਥ’ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਲੋਕਾਂ ਦੇ ਹਿੱਤ ‘ਚ ਸ਼ਲਾਘਾਯੋਗ ਕਦਮ ਚੁੱਕਿਆ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀਆਂ ਤਿੰਨੇ ਸੈਨਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਦੇਸ਼ ਦੀ ਸੁਰੱਖਿਆ ਲਈ ਨੌਜਵਾਨਾਂ ਨੂੰ ਦੇਸ਼ ਭਗਤੀ ਨਾਲ ਜੋੜਨ ਲਈ `ਅਗਨੀਪਥ ਯੋਜਨਾ` ਸ਼ੁਰੂ ਕੀਤੀ ਗਈ ਹੈ।ਜਿਸ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਚੰਗੇ ਨਤੀਜੇ ਸਾਹਮਣੇ ਆਉਣਗੇ।ਇਸ ਸਕੀਮ ਨਾਲ ਜਿਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਥੇ ਉਨ੍ਹਾਂ ਦੀ ਆਰਥਿਕ ਤਰੱਕੀ ਵੀ ਹੋਵੇਗੀ।
                 ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੰਨਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਮਸ਼ਕਲਾਂ ਅਤੇ ਉਮੀਦਾਂ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਵਲੋਂ ਬਹੁਤ ਸਾਰੀਆਂ ਭਲਾਈ ਸਕੀਮਾਂ ਤਿਆਰ ਕਰਕੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਗਿਆ ਹੈ, ਜਿੰਨਾਂ ਦਾ ਅੱਜ ਦੇਸ਼਼ ਦੇ ਲੋਕ ਲਾਭ ਉਠਾ ਰਹੇ ਹਨ।
                ਪਿਛਲੇ 8 ਸਾਲਾਂ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਂਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਅੱਜ ਇਹ ਪ੍ਰਧਾਨ ਮੰਤਰੀ ਮੋਦੀ ਦੇ ਠੋਸ ਅਤੇ ਨਿਰਣਾਇਕ ਫੈਸਲਿਆਂ ਦੀ ਬਦੌਲਤ ਸੰਭਵ ਹੋਇਆ ਹੈ।ਦੇਸ਼ ਦਾ ਨੌਜਵਾਨ ਵਿਦੇਸ਼ਾਂ ਦੀ ਬਜ਼ਾਏ ਆਪਣੇ ਦੇਸ਼ ਵਿੱਚ ਰਹਿ ਕੇ ਨਵੇਂ ਸਟਾਰਟਅੱਪ ਰਾਹੀਂ ਤਰੱਕੀ ਅਤੇ ਸਵੈ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ।ਜਿਸ ਕਾਰਨ ਨਾ ਸਿਰਫ਼ ਲੋਕਾਂ ਅਤੇ ਦੇਸ਼ ਦੀ ਆਰਥਿਕ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਇਸ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਈ ਵਿਆਪਕ ਮੰਦੀ ਦੌਰਾਨ ਭਾਰਤ ਦੀ ਜੀ.ਡੀ.ਪੀ ਦਰ ਵੀ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਵਧੀਆ ਰਹੀ ਹੈ।
                ਖੰਨਾ ਨੇ ਕਿਹਾ ਕਿ ਮੋਦੀ ਸਰਕਾਰ ਨੇ 8 ਸਾਲਾਂ ਵਿੱਚ ਪਿੰਡਾਂ ‘ਚ 6 ਲੱਖ ਪਖਾਨਿਆਂ ਦੀ ਉਸਾਰੀ, 2.6 ਕਰੋੜ ਬਿਜਲੀ ਕੁਨੈਕਸ਼ਨ, ਪਿੰਡਾਂ ਵਿੱਚ 9.5 ਕਰੋੜ ਪਾਣੀ ਦੇ ਕੁਨੈਕਸ਼਼ਨ, 9.17 ਕਰੋੜ ਔਰਤਾਂ ਨੂੰ ਗੈਸ ਕੁਨੈਕਸ਼ਨ, ਗਰੀਬਾਂ ਲਈ ਇੱਕ ਰੁਪਏ ਪ੍ਰਤੀ ਮਹੀਨਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਆਦਿ ਸਕੀਮਾਂ ਲਾਗੂ ਕੀਤੀਆਂ ਹਨ।ਕੋਰੋਨਾ ਸਮੇਂ ਦੌਰਾਨ, 20 ਲੱਖ ਕਰੋੜ ਰੁਪਏ ਦਾ ਕੋਵਿਡ ਰਾਹਤ ਪੈਕੇਜ਼ ਦਿੱਤਾ ਗਿਆ ਕਿਸਾਨ ਸਨਮਾਨ ਨਿਧੀ ਦੀਆਂ 11 ਕਿਸ਼ਤਾਂ ਵਿੱਚ, ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ 21,000 ਕਰੋੜ ਤੋਂ ਵੱਧ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ।
                 ਉਨਾਂ ਕਿਹਾ ਕਿ ਕੋਰੋਨਾ ਦੌਰ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਉਂਦੇ ਹੋਏ, ਦੇਸ਼ ਦੇ ਲਗਭਗ 135 ਕਰੋੜ ਲੋਕਾਂ ਨੂੰ ਵੈਕਸੀਨ ਦੀਆਂ 190 ਕਰੋੜ ਤੋਂ ਵੱਧ ਪਹਿਲੀ, ਦੂਜੀ ਅਤੇ ਬੂਸਟਰ ਖੁਰਾਕਾਂ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਦੇ ਤਹਿਤ ਦੇਸ਼ ਦੇ 88 ਕਰੋੜ ਲੋਕਾਂ ਨੂੰ ਮੁਫਤ ਅਨਾਜ ਵੰਡਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਲੋਕਾਂ ਨੂੰ ਘਰ ਦਿੱਤੇ ਗਏ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 3.28 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ਼ ਕਰਵਾਇਆ ਗਿਆ ਹੈ।
              ਉਨਾਂ ਕਿਹਾ ਕਿ ਰੂਸ ਅਤੇ ਅਮਰੀਕਾ ਦੋਵਾਂ ਦੇ ਨਾਲ ਭਾਰਤ ਦੇ ਸਬੰਧ ਸੁਹਿਰਦ ਹਨ।ਹਾਲਾਂਕਿ ਰੂਸ-ਯੂਕਰੇਨ ਯੁੱਧ ਵਿੱਚ ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ ਅਤੇ ਭਾਰਤ, ਰੂਸ ਅਤੇ ਅਮਰੀਕਾ ਦੋਵਾਂ ਦੇਸ਼ਾਂ ਨਾਲ ਬਰਾਬਰ ਦੇ ਰਿਸ਼ਤੇ ਕਾਇਮ ਰੱਖੇ ਹਨ।ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …