600 ਯੂਨਿਟ ਮੁਆਫੀ ਨਾਲ ਲੱਖਾਂ ਪਰਿਵਾਰਾਂ ਨੂੰ ਲਾਭ ਮਿਲਿਆ
ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਿਭਾਗ ਨੇ ਇਨ੍ਹਾਂ ਗਰਮੀਆਂ ਵਿੱਚ ਬਿਜਲੀ ਸਪਲਾਈ ਦੇ ਸਾਰੇ ਰਿਕਾਰਡ ਤੋੜ ਕੇ ਨਵੇਂ ਮੀਲ ਪੱਥਰ ਗੱਡੇ ਹਨ।ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉੱਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਾਰ 29 ਜੂਨ ਨੂੰ ਵਿਭਾਗ ਨੇ 14208 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ।ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।ਉਨਾਂ ਕਿਹਾ ਕਿ ਸਾਡੀ ਥਰਮਲ ਅਤੇ ਹਾਈਡਰੋ ਉਤਪਾਦਨ 6500 ਮੈਗਾਵਾਟ ਦੇ ਨੇੜ੍ਹੇ ਹੈ ਜਦਕਿ ਬਿਜਲੀ ਦੀ ਬਾਕੀ ਸਪਲਾਈ ਅਸੀਂ ਟਰਾਂਸਮਿਸ਼ਨ ਜ਼ਰੀਏ ਲੈਂਦੇ ਹਾਂ।ਉਨਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਸੂਰਜੀ ਅਤੇ ਪਣ ਬਿਜਲੀ ਉਤਪਾਦਨ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਹਾਂ।ਉਨਾਂ ਦੱਸਿਆ ਕਿ ਇਸ ਲਈ ਵਿਭਾਗ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਿਹਾ ਹੈ ਅਤੇ ਲੁਧਿਆਣੇ ਜ਼ਿਲੇ ਵਿੱਚ ਇਸ ਦੀ ਸ਼ੁਰੂਆਤ ਵੀ ਕੀਤੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ।ਜਿਸ ਨਾਲ ਰਾਜ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਮਿਲੇਗਾ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵਾਅਦਾ ਚੋਣਾਂ ਤੋਂ ਪਹਿਲਾ ਪੰਜਾਬੀਆਂ ਨਾਲ ਕੀਤਾ ਸੀ ਜਿਸਨੂੰ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਅੰਦਰ ਹੀ ਲਾਗੂ ਕਰ ਦਿੱਤਾ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਚੁਣੌਤੀ ਭਰਪੂਰ ਇਹ ਖੇਤਰ ਜਿਸ ਵਿਭਾਗ ਨੂੰ ਪਿਛਲੀਆਂ ਸਰਕਾਰਾਂ ਵਿੱਚ ਕੋਈ ਮੰਤਰੀ ਲੈ ਕੇ ਖੁਸ਼ ਨਹੀਂ ਸੀ, ਉਹ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਸਵੀਕਾਰ ਕੀਤੀ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਵੀ ਕਰਾਂਗੇ।ਉਨਾਂ ਕਿਹਾ ਕਿ ਅੱਜ ਪੰਜਾਬ ਅਜਿਹਾ ਸੂਬਾ ਹੈ ਜੋ ਹਰੇਕ ਪਿੰਡ ਦੇ ਨਾਲ ਨਾਲ ਖੇਤਾਂ ਵਿੱਚ ਬਣੇ ਘਰਾਂ ਨੂੰ 24 ਘੰਟੇ ਘਰੇਲੂ ਸਪਲਾਈ ਦੇ ਰਿਹਾ ਹੈ।ਝੋਨੇ ਦੇ ਸੀਜ਼ਨ ਵਿੱਚ ਵੀ ਕਿਸਾਨਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਕੰਮ ਦੀ ਸਰਹਾਨਾ ਕਰਦੇ ਉਨਾਂ ਦੀ ਪਿੱਠ ਥਾਪੜੀ।
ਕੈਬਨਿਟ ਮੰਤਰੀ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ, ਬਾਰਡਰ ਜ਼ੋਨ ਦੇ ਮੁੱਖੀ ਬਾਲਕ੍ਰਿਸ਼ਨ, ਡਿਪਟੀ ਚੀਫ਼ ਰਾਜੀਵ ਪਰਾਸ਼ਰ ਅਤੇ ਹੋਰ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਐਸ.ਈ ਜਤਿੰਦਰ ਸਿੰਘ, ਐਸ.ਈ ਬਲਕਾਰ ਸਿੰਘ, ਐਸ.ਈ ਜਗਜੀਤ ਸਿੰਘ, ਐਸ.ਈ ਰਮਨ ਸ਼ਰਮਾ, ਪੇਡਾ ਦੇ ਜਿਲ੍ਹਾ ਮੈਨੇਜ਼ਰ ਯਸ਼ਪਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।