Tuesday, July 23, 2024

ਆਪ ਵਲੋਂ ਅੰਮ੍ਰਿਤਸਰ `ਚ ਸਰਾਵਾਂ `ਤੇ ਲਗਾਈ ਜੀ.ਐਸ.ਟੀ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਕੇਂਦਰ ਤੁਰੰਤ ਸਿੱਖ ਤੇ ਪੰਜਾਬ ਵਿਰੋਧੀ ਫ਼ੈਸਲਾ ਲਏ ਵਾਪਸ – ਲਾਖਣਾ, ਬਰਾੜ

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਵਲੋਂ ਮੋਦੀ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਉਪਰ 12% ਜੀ.ਐਸ.ਟੀ ਲਗਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਭੰਡਾਰੀ ਪੁੱਲ ਤੋਂ ਹਾਲ ਗੇਟ ਤੱਕ ਸੂਬਾ ਪੱਧਰੀ ਰੋਸ ਮਾਰਚ ਕੱਢਿਆ ਗਿਆ।ਇਸ ਵਿੱਚ ਵੱਡੀ ਗਿਣਤੀ ‘ਚ ਆਪ ਆਗੂਆਂ, ਵਲੰਟੀਅਰਾਂ ਅਤੇ ਸਿੱਖ ਸੰਗਤ ਵਲੋਂ ਸ਼ਮੂਲੀਅਤ ਕੀਤੀ ਗਈ।
               ਇਸ ਪ੍ਰਦਰਸ਼ਨ ਰਾਹੀਂ ਆਪ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਨਿੱਤ ਨਵੇਂ ਜਾਰੀ ਕੀਤੇ ਜਾਂਦੇ ਤੁਗਲਕੀ ਫਰਮਾਨਾਂ ਵਿਰੁੱਧ ਆਵਾਜ਼ ਬੁਲੰਦ ਕੀਤੀ।ਪ੍ਰਦਰਸ਼ਨ ਦੀ ਅਗਵਾਈ ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ, ਅੰਮ੍ਰਿਤਸਰ ਸ਼ਹਿਰੀ ਤੋਂ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ, ਖਡੂਰ ਸਾਹਿਬ ਲੋਕ ਸਭਾ ਇੰਚਾਰਜ਼ ਬਲਜੀਤ ਸਿੰਘ ਖਹਿਰਾ ਅਤੇ ਅੰਮ੍ਰਿਤਸਰ ਜਿਲ੍ਹਾ ਸਕੱਤਰ ਜਸਪ੍ਰੀਤ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ।
                 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਸਿੱਖ ਸਰਾਵਾਂ ਉਪਰ 12% ਜੀ.ਐਸ.ਟੀ ਲਗਾਉਣ ਵਾਲੀ ਮੋਦੀ ਸਰਕਾਰ ਦਾ ਫੈਸਲਾ ਸਿੱਖ ਵਿਰੋਧੀ ਤੇ ਮੰਦਭਾਗਾ ਹੈ।ਉਹਨਾਂ ਧਾਰਮਿਕ ਸਥਾਨਾਂ `ਤੇ ਜੀ.ਐਸ.ਟੀ ਨੂੰ ਜਜ਼ੀਆ ਟੈਕਸ ਕਰਾਰ ਦਿੰਦਿਆਂ ਆਖਿਆ ਕਿ ਜੀ.ਐਸ.ਟੀ ਤਾਂ ਕਾਰੋਬਾਰਾਂ `ਤੇ ਲੱਗਦਾ ਹੈ ਅਤੇ ਸਰਾਵਾਂ ਸਿਰਫ਼ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀਆਂ ਸੁਵਿਧਾਵਾਂ ਲਈ ਬਣਾਈਆਂ ਗਈਆਂ ਹਨ।ਇਥੇ ਕਿਸੇ ਦਾ ਕੋਈ ਨਿੱਜੀ ਸਵਾਰਥ ਜਾਂ ਫਾਇਦਾ ਨਹੀਂ ਜੁੜਿਆ।ਉਨਾਂ ਨੇ ਕੇਂਦਰ ਦੇ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ `ਚ ਨਿਖੇਧੀ ਕੀਤੀ।
                ਜਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਹਮੇਸ਼ਾਂ ਹੀ ਧਰਮ ਦੀ ਰਾਜਨੀਤੀ ਕਰਦੀ ਰਹੀ ਹੈ ਅਤੇ ਹੁਣ ਵੀ ਸਰਾਵਾਂ `ਤੇ ਜੀ.ਐਸ.ਟੀ ਲਗਾ ਕੇ ਉਸ ਨੇ ਅਜਿਹਾ ਹੀ ਕੀਤਾ ਹੈ।ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਜੀ.ਐਸ.ਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਧਾਰਮਿਕ ਸਰਾਵਾਂ `ਤੇ ਜੀ.ਐਸ.ਟੀ ਲਗਾ ਕੇ ਕੇਂਦਰ ਸਰਕਾਰ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਇਸ ਨੂੰ ਜਲਦ ਤੋਂ ਜਲਦ ਵਾਪਿਸ ਲੈਣਾ ਚਾਹੀਦਾ ਹੈ।
                  ਇਸ ਮੌਕੇ ਜਿਲ੍ਹਾ ਈਵੈਂਟ ਇੰਚਾਰਜ਼ ਜਗਦੀਪ ਸਿੰਘ, ਅਨਿਲ ਮਹਾਜਨ, ਜਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿਕੀ, ਐਸ.ਸੀ ਵਿੰਗ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ, ਜ਼ਿਲ੍ਹਾ ਸਕੱਤਰ ਰਵਿੰਦਰ ਹੰਸ, ਭਗਵੰਤ ਕੰਵਲ ਜਿਲ੍ਹਾ ਯੂਥ ਪ੍ਰਧਾਨ, ਮੁਖਵਿੰਦਰ ਸਿੰਘ ਵਿਰਦੀ, ਸੂਬਾ ਸੰਯੁਕਤ ਸਕੱਤਰ ਅਸ਼ੋਕ ਤਲਵਾਰ, ਲੋਕ ਸਭਾ ਇੰਚਾਰਜ਼ ਗੁਰਦਾਸਪੁਰ ਰਾਜੀਵ ਸ਼ਰਮਾ, ਜਿਲ੍ਹਾ ਪ੍ਰਧਾਨ ਗੁਰਦਾਸਪੁਰ ਕਸ਼ਮੀਰ ਸਿੰਘ ਵਾਹਲਾ, ਮਨਦੀਪ ਮੋਂਗਾ, ਰਜਿੰਦਰ ਪਲਾਹ, ਸਤਪਾਲ ਸੋਖੀ, ਰਾਜੀਵ ਖੈਹਰਾ, ਨਰੇਸ਼ ਪਾਠਕ, ਪਰਮਿੰਦਰ ਸਿੰਘ ਸੇਠੀ, ਅਰਵਿੰਦਰ ਭੱਟੀ ਆਦਿ ਮੌਜ਼ੂਦ ਸਨ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …