Friday, August 8, 2025
Breaking News

ਡਾ. ਐਸ.ਪੀ ਸਿੰਘ ਓਬਰਾਏ ਦੀ ਬਦੌਲਤ ਅੰਮ੍ਰਿਤਸਰ ਦੀਆਂ 10 ਵਿਦਿਆਰਥਣਾਂ ਨੇ ਇਸਰੋ `ਸੈਟੇਲਾਇਟ ਮਿਸ਼ਨ` ਵੇਖਣ ਲਈ ਭਰੀ ਉਡਾਣ

ਸਫ਼ਰ ਲਈ ਖ਼ਰਚੇ ਦੀ ਲੋੜ ਪੂਰੀ ਕਰਨ `ਤੇ ਸਕੂਲ ਪ੍ਰਿੰਸੀਪਲ ਨੇ ਡਾ: ਓਬਰਾਏ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ) – ਆਪਣੀ ਨੇਕ ਕਮਾਈ ਦਾ 98 ਫ਼ੀਸਦੀ ਹਿੱਸਾ ਲੋੜਵੰਦਾਂ ਦੀ ਭਲਾਈ `ਤੇ ਖ਼ਰਚਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਦੀ ਫਰਾਖ਼ਦਿਲੀ ਦੀ ਬਦੌਲਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ 10 ਹੋਣਹਾਰ ਵਿਦਿਆਰਥਣਾਂ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਲੋਂ ਸ੍ਰੀ ਹਰੀਕੋਟਾ (ਆਂਧਰਾ ਪ੍ਰਦੇਸ਼) ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਖ਼ੁਸ਼ੀ ਅਤੇ ਦੇਸ਼ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ `ਤੇ ਕਰਵਾਏ ਜਾ ਰਹੇ ਲਾਈਵ ਸੈਟੇਲਾਈਟ ਲਾਂਚ ਵੇਖਣ ਦਾ ਸੁਨਿਹਰਾ ਮੌਕਾ ਮਿਲਿਆ ਹੈ।
                 ਟਰੱਸਟ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੱਸਟ ਦੀ ਅੰਮ੍ਰਿਤਸਰ ਇਕਾਈ ਰਾਹੀਂ ਪਤਾ ਲੱਗਾ ਸੀ ਕਿ ਮਾਲ ਰੋਡ ਸਕੂਲ ਦੀਆਂ 10 ਵਿਦਿਆਰਥਣਾਂ ਦੀ ਚੋਣ ਇਸਰੋ ਵਲੋਂ ਸ੍ਰੀ ਹਰੀਕੋਟਾ ਵਿਖੇ ਕੀਤੇ ਜਾ ਰਹੇ ਲਾਈਵ ਸੈਟੇਲਾਈਟ ਲਾਂਚ ਵੇਖਣ ਲਈ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਕਾਰਜ਼ ਲਈ ਪੈਸਿਆਂ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਇਹ ਸੂਚਨਾ ਮਿਲਣ ‘ਤੇ ਉਨ੍ਹਾਂ ਫੈਸਲਾ ਲਿਆ ਕਿ ਉਹ ਹਰ ਹਾਲਤ `ਚ ਹੋਣਹਾਰ ਵਿਦਿਆਰਥਣਾਂ ਨੂੰ ਇਸ ਮੌਕੇ ਤੋਂ ਵਾਂਝਾ ਨਹੀਂ ਰਹਿਣ ਦੇਣਗੇ। ਡਾ. ਓਬਰਾਏ ਨੇ ਕਿਹਾ ਕਿ ਇਹ ਸਾਰੀਆਂ ਧੀਆਂ ਆਮ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਇਕ ਨਵੀਂ ਉਡਾਣ ਮਿਲੇਗੀ ਅਤੇ ਉਹ ਆਉਣ ਵਾਲੇ ਸਮੇਂ ਅੰਦਰ ਆਪਣੇ ਮਾਪਿਆਂ, ਅਧਿਆਪਕਾਂ ਤੇ ਦੇਸ਼ ਦਾ ਨਾਂ ਰੌਸ਼ਨ ਕਰਨਗੀਆਂ।ਉਨ੍ਹਾਂ ਦੱਸਿਆ ਕਿ ਸਕੂਲ ਨੂੰ ਸਬੰਧਤ ਵਿਦਿਆਰਥਣਾਂ ਤੇ ਨਾਲ ਜਾ ਰਹੇ ਅਧਿਆਪਕਾਂ ਦੀਆਂ ਹਵਾਈ ਟਿਕਟਾਂ ਖ਼ਰੀਦਣ ਤੋਂ ਇਲਾਵਾ ਉਨ੍ਹਾਂ ਦੇ ਰਹਿਣ-ਸਹਿਣ ਤੇ ਖਾਣ ਪੀਣ ਲਈ ਲੋੜੀਂਦੀ 2 ਲੱਖ ਰੁਪਏ ਦੀ ਰਾਸ਼ੀ ਭੇਜ ਦਿੱਤੀ ਗਈ ਹੈ।
                ਡਾ. ਓਬਰਾਏ ਵਲੋਂ ਮਿਲੀ ਇਸ ਵੱਡੀ ਮਦਦ ਲਈ ਪ੍ਰਿੰਸੀਪਲ ਮਨਦੀਪ ਕੌਰ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਡਾ.ਐਸ.ਪੀ ਸਿੰਘ ਓਬਰਾਏ ਦੇ ਪਰਉਪਕਾਰਾਂ ਬਾਰੇ ਤਾਂ ਬਹੁਤ ਵਾਰ ਸੁਣਿਆ ਸੀ, ਪਰ ਅੱਜ ਪ੍ਰਤੱਖ ਰੂਪ `ਚ ਵੇਖ ਲਿਆ ਹੈ।ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਵਲੋਂ ਮਿਲਣ ਵਾਲੇ ਦੋ ਲੱਖ ਰੁਪਏ `ਚੋਂ 1 ਲੱਖ 37 ਹਜ਼ਾਰ ਰੁਪਏ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਕੀਤਾ ਹੈ, ਜਦਕਿ ਬਾਕੀ ਬਚੇ ਪੈਸਿਆਂ ਨਾਲ ਖਾਣ-ਪੀਣ ਤੇ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਜਾਵੇਗਾ।ਸਰਬਤ ਦਾ ਭਲਾ ਟਰੱਸਟ ਮੁੱਖੀ ਡਾ: ਐਸ.ਪੀ ਸਿੰਘ ਓਬਰਾਏ ਵਲੋਂ ਭੇਜੀ ਮਦਦ ਦਾ ਪਤਾ ਲੱਗਦਿਆਂ ਹੀ ਉਕਤ ਵਿਦਿਆਰਥਣਾਂ ਨੇ ਜੈਕਾਰੇ ਗੂੰਜਾ ਕੇ ਡਾ: ਉਨਾਂ ਦਾ ਧੰਨਵਾਦ ਕੀਤਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …