Tuesday, July 23, 2024

ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹਥਿਆਉਣ ਦੀ ਸੋਚ ਵਾਲੇ ਪੰਥ ਵਿਰੋਧੀਆਂ ਦੇ ਇਰਾਦੇ ਕਾਮਯਾਬ ਨਹੀਂ ਹੋਣਗੇ- ਐਡਵੋਕੇਟ ਧਾਮੀ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਲਈ ਸਰਗਰਮ ਧਰਮ ਪ੍ਰਚਾਰ ਲਹਿਰ ਜਾਰੀ ਰੱਖਣ ਦਾ ਐਲਾਨ ਕਰਦਿਆਂ ਸੰਗਤ ਨੂੰ ਵੀ ਸਿੱਖੀ ਪ੍ਰਚਾਰ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਹੁਤ ਸਾਰੇ ਲੋਕ ਸਿੱਖ ਵਿਰੋਧੀ ਸ਼ਕਤੀਆਂ ਦੀ ਸ਼ਹਿ ’ਤੇ ਸਿੱਖ ਪੰਥ ਵਿਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਦੀਆਂ ਚਾਲਾਂ ਨੂੰ ਸਮਝਣ ਦੀ ਵੱਡੀ ਲੋੜ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਆਰਐਸਐਸ ਦੀ ਸ਼ਹਿ ’ਤੇ ਇਹ ਲੋਕ ਪੰਜਾਬ ਅੰਦਰ ਜ਼ਮੀਨ ਤਿਆਰ ਕਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਦਾ ਮੰਤਵ ਸਿੱਧੇ ਅਸਿੱਧੇ ਤੌਰ ’ਤੇ ਸ਼੍ਰੋਮਣੀ ਕਮੇਟੀ ਚੋਣਾਂ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਹਥਿਆਉਣਾ ਹੈ। ਪਰੰਤੂ ਖਾਲਸਾ ਪੰਥ ਅਜਿਹੀਆਂ ਸ਼ਕਤੀਆਂ ਵਿਰੁੱਧ ਹਮੇਸ਼ਾ ਤਕੜਾ ਰਿਹਾ ਹੈ ਅਤੇ ਅੱਜ ਵੀ ਸ਼ਕਤੀਸ਼ਾਲੀ ਹੈ, ਜੋ ਇਨ੍ਹਾਂ ਦੀਆਂ ਸਾਜ਼ਿਸ਼ੀ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਆਖਿਆ ਕਿ ਚੁਣੌਤੀਆਂ ਦੇ ਸਮੇਂ ਵਿਚ ਸਿੱਖ ਕੌਮ ਹਮੇਸ਼ਾ ਪ੍ਰਫੁੱਲਤ ਹੋਈ ਹੈ ਅਤੇ ਇਸ ਦਾ ਗਵਾਹ ਸਿੱਖ ਇਤਿਹਾਸ ਦੇ ਸਾਕੇ ਤੇ ਮੋਰਚੇ ਹਨ। ਗੁਰਦੁਆਰਾ ਗੁਰੂ ਕਾ ਬਾਗ ਦਾ ਮੋਰਚਾ ਵੀ ਅਜਿਹੀਆਂ ਚੁਣੌਤੀਆਂ ਵਿੱਚੋਂ ਹੀ ਨਿਕਲਿਆ ਸੀ ਅਤੇ ਸਿੱਖ ਕੌਮ ਨੇ ਵਿਰੋਧੀ ਸ਼ਕਤੀਆਂ ਨੂੰ ਮਾਤ ਦਿੱਤੀ ਸੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਸਰਹੱਦੀ ਇਲਾਕੇ ਵਿਚ ਧਰਮ ਪ੍ਰਵਰਤਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਲਗਾਤਾਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਉਂਝ ਇਸ ਸਬੰਧੀ ਚਰਚਾ ਜ਼ਿਆਦਾ ਹੈ ਅਤੇ ਜ਼ਮੀਨੀ ਪੱਧਰ ’ਤੇ ਹਾਲਾਤ ਕੁਝ ਹੋਰ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਸਿੱਖ ਮਿਸ਼ਨਰੀ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਸਰਹੱਦੀ ਇਲਾਕਿਆਂ ਵਿਚ ਪ੍ਰਚਾਰ ਲਈ ਤੋਰੇ ਜਾਣਗੇ, ਤਾਂ ਜੋ ਧਰਮ ਪ੍ਰਵਰਤਨ ਬਾਰੇ ਚਰਚਾ ਦਾ ਸੱਚ ਜਾਣਿਆ ਜਾ ਸਕੇ।
         ਪ੍ਰਿੰਸੀਪਲ ਸਵਰਨ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਬਿਜੈ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਗੁਰਮੀਤ ਸਿੰਘ ਬੁੱਟਰ, ਹਰਜੀਤ ਸਿੰਘ ਲਾਲੂਘੁੰਮਣ, ਹਰਜਿੰਦਰ ਸਿੰਘ ਕੈਰੋਂਵਾਲ, ਗੁਰਿੰਦਰ ਸਿੰਘ, ਨਿਰਵੈਲ ਸਿੰਘ, ਤੇਜਿੰਦਰ ਸਿੰਘ ਪੱਡਾ, ਕੁਲਦੀਪ ਸਿੰਘ ਰੋਡੇ, ਗੁਰਚਰਨ ਸਿੰਘ ਕੋਹਾਲਾ, ਸਤਨਾਮ ਸਿੰਘ, ਪਰਮਜੀਤ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ਼ਾਹਬਾਜ਼ ਸਿੰਘ, ਮੈਨੇਜਰ ਜਗਜੀਤ ਸਿੰਘ, ਹੈੱਡ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ, ਪ੍ਰਚਾਰਕ ਭਾਈ ਵਰਿਆਮ ਸਿੰਘ, ਬੀਬੀ ਹਰਪ੍ਰੀਤ ਕੌਰ, ਪਿ੍ਰੰ: ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …