ਪਟਿਆਲਾ ਵਿਖੇ 20 ਅਗਸਤ ਨੂੰ ਜੋਨਲ ਪੱਧਰ ਦੀ ਰੈਲੀ ਹੋਵੇਗੀ – ਇੰਜ: ਪ੍ਰੇਮ ਸਿੰਘ
ਸਮਰਾਲਾ, 10 ਅਗਸਤ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਇੰਜ: ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਵਿੱਛੜ ਗਏ ਪੈਨਸ਼ਨਰਾਂ ਇਕਬਾਲ ਸਿੰਘ ਜੇ.ਈ ਕੋਹਾੜਾ, ਸਤਨਾਮ ਸਿੰਘ ਲਾਈਨਮੈਨ ਪਵਾਤ, ਰਾਮ ਸੁੰਦਰ ਲਾਈਨਮੈਨ ਦੇ ਜਵਾਈ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।ਮੀਟਿੰਗ ਦੌਰਾਨ ਇੰਜ: ਪ੍ਰੇਮ ਸਿੰਘ ਨੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਨ੍ਹਾਂ ਸਾਰੇ ਸੇਵਾ ਮੁਕਤ ਮੁਲਾਜ਼ਮਾਂ ਨੂੰ 2.59 ਦੇ ਫੈਕਟਰ ਨਾਲ, 125 ਪ੍ਰਤੀਸ਼ਤ ਡੀ.ਏ ਮੰਨ ਕੇ ਪੇਅ ਸਕੇਲ ਸੋਧੇ ਜਾਣ ਅਤੇ ਏਰੀਅਰ ਦਿੱਤਾ ਜਾਵੇ।ਪੰਜ ਸਾਲ ਤੋਂ ਲਮਕ ਅਵੱਸਥਾ ਵਿੱਚ ਰੱਖੀਆਂ ਡੀ.ਏ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਅਤੇ ਬਕਾਇਆ ਰਾਸ਼ੀ ਦਿੱਤੀ ਜਾਵੇ, ਪੈਨਸ਼ਨਰਾਂ ਲਈ ਕੈਸ਼ਲੈਸ ਸਕੀਮ, ਬਿਜਲੀ ਵਰਤੋਂ ਵਿੱਚ ਰਿਆਇਤ, ਮੈਡੀਕਲ ਭੱਤਾ 2500 ਰੁਪਏ ਦਿੱਤੇ ਜਾਣ ਸਬੰਧੀ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੀ ਪਿੱਛਲੀਆਂ ਸਰਕਾਰਾਂ ਵਾਂਗ ਪੈਨਸ਼ਨਰਾਂ ਨੂੰ ਲਾਰਿਆਂ ਵਿੱਚ ਰੱਖ ਰਹੀ ਹੈ।ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਬਾਡੀ ਵਲੋਂ ਤਿੱਖੇ ਸੰਘਰਸ਼ ਵਿੱਢੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 20 ਅਗਸਤ ਨੂੰ ਪਟਿਆਲਾ ਜੋਨ ਦੀ ਰੈਲੀ ਕੀਤੀ ਜਾਵੇਗੀ ਅਤੇ ਹੈਡ ਆਫਿਸ ਦੇ ਸਾਹਮਣੇ ਧਰਨੇ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ।ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ-2022 ਸੰਸਦ ਵਿੱਚ ਪੇਸ਼ ਕਰਨ ਦੀ ਵੀ ਉਨਾਂ ਨੇ ਨਿਖੇਧੀ ਕੀਤੀ ਗਈ।ਪੰਜਾਬ ਦੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨਾਲ ਰਲ ਕੇ 21 ਅਗਸਤ ਨੂੰ ਖਰੜ ਵਿਖੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਰੋਸ ਪੱਤਰ ਦਿੱਤਾ ਜਾਵੇਗਾ ਅਤੇ 26 ਅਗਸਤ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।
ਮੀਟਿੰਗ ਨੂੰ ਇੰਜ: ਜੁਗਲ ਕਿਸ਼ੋਰ ਸਾਹਨੀ, ਦਰਸ਼ਨ ਸਿੰਘ ਕੋਟਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਕੁਮਾਰ ਸਮਰਾਲਾ, ਜਸਵੰਤ ਸਿੰਘ ਢੰਡਾ, ਮਹੇਸ਼ ਕੁਮਾਰ ਖਮਾਣੋਂ, ਜਗਤਾਰ ਸਿੰਘ ਪ੍ਰੈਸ ਸਕੱਤਰ, ਭੁਪਿੰਦਰਪਾਲ ਸਿੰਘ ਚਹਿਲਾਂ, ਰਜਿੰਦਰ ਪਾਲ ਵਡੇਰਾ ਡਿਪਟੀ ਸੀ.ਈ.ਓ, ਕੁਲਵੰਤ ਸਿੰਘ ਜੱਗੀ ਪ੍ਰਧਾਨ ਗੁਰਦੁਆਰਾ ਆਦਿ ਸ਼ਾਮਲ ਸਨ। ਰੋਪੜ ਸਰਕਲ ਦੇ ਕੱਝ ਪੁਰਾਣੇ ਆਗੂਆਂ ਵਲੋਂ ਜਥੇਬੰਦੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਨਿੰਦਿਆ ਗਿਆ ਅਤੇ ਇਨ੍ਹਾਂ ਆਗੂਆਂ ਨੂੰ ਡੈਲੀਗੇਟ ਸਾਥੀਆਂ ਵਲੋਂ 27, 28 ਮਾਰਚ ਦੇ ਡੈਲੀਗੇਟ ਅਜਲਾਸ ਵਿੱਚ ਪਹਿਲਾਂ ਹੀ ਨਕਾਰ ਦਿੱਤਾ ਗਿਆ ਹੈ।
ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਇੰਜ: ਜੁਗਲ ਕਿਸ਼ੋਰ ਸਾਹਨੀ ਦੁਆਰਾ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਇੰਜ: ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ ਨੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ।