ਕਿਹਾ, ਪ੍ਰਾਪਰਟੀ ਟੈਕਸ ਨਾ ਭਰਨ ਤੇ ਘੱਟ ਭਰਨ ਵਾਲਿਆਂ ਦੀ ਹੁਣ ਹੋਵੇਗੀ ਜਾਂਚ
ਅੰਮ੍ਰਿਤਸਰ, 20 ਅਗਸਤ (ਜਗਦੀਪ ਸੰਘ ਸੱਗੂ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਜਿਸ ਦੌਰਾਨ ਸ਼ਹਿਰ ਦੇ ਵੱਡੇ ਅਦਾਰਿਆ ਵਲੋਂ ਭਰੇ ਜਾਣ ਵਾਲੇ ਪ੍ਰਾਪਰਟੀ ਟੈਕਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।ਮੀਟਿੰਗ ਵਿੱਚ ਮੇਅਰ ਵਲੋਂ ਪ੍ਰਾਪਰਟੀ ਟੈਕਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਸ਼ਹਿਰਵਾਸੀ ਅਤੇ ਛੋਟੇ ਦੁਕਾਨਦਾਰ ਸਮੇਂ ਸਿਰ ਅਤੇ ਇਮਾਨਦਾਰੀ ਨਾਲ ਟੈਕਸ ਭਰ ਰਹੇ ਹਨ ਉਹਨਾਂ ਨੂੰ ਹਰਗਿਜ਼ ਤੰਗ ਪਰੇਸ਼ਾਨ ਨਾ ਕੀਤਾ ਜਾਵੇ।ਸਗੋਂ ਨਗਰ ਨਿਗਮ ਦੀ ਹਦੂਦ ਵਿਚ ਪੈਂਦੇ ਜਿੰਨ੍ਹੇ ਵੀ ਕਮਰਸ਼ੀਅਲ ਅਤੇ ਵੱਡੇ ਅਦਾਰੇ ਹਨ, ਉਹਨਾਂ ਵਲੋਂ ਭਰੇ ਗਏ ਟੈਕਸ ਦਾ ਵੇਰਵਾ ਤਿਆਰ ਕਰਕੇ ਟੈਕਸ ਨਾ ਭਰਨ ਵਾਲੇ ਅਤੇ ਘੱਟ ਟੈਕਸ ਭਰਨ ਵਾਲੇ ਅਦਾਰਿਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਟੈਕਸ ਦੀ ਵਸੂਲੀ ਕੀਤੀ ਜਾਵੇ।
ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸਾਲ 2022-23 ਲਈ ਪ੍ਰਾਪਰਟੀ ਟੈਕਸ ਭਰਨ ਦੀ ਅੰਤਿਮ ਮਿਤੀ 30 ਸਤੰਬਰ 2022 ਤੱਕ ਆਪਣਾ ਬਣਦਾ ਟੈਕਸ ਨਿਗਮ ਫੰਡ ਵਿਚ ਜਮਾਂ ਕਰਵਾਇਆ ਜਾਵੇ ਅਤੇ ਕਾਨੂੰਨ ਅਨੁਸਾਰ ਬਣਦੀ 10 ਪ੍ਰਤੀਸ਼ਤ ਰਿਬੇਟ/ਡਿਸਕਾਉਂਟ ਦਾ ਲਾਭ ਉਠਾਇਆ ਜਾਵੇ।
ਇਸ ਮੀਟਿੰਗ ਵਿਚ ਸਕੱਤਰ ਵਿਸ਼ਾਲ ਵਧਾਵਨ, ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ, ਸੁਪਰਡੈਂਟ ਸੁਨੀਲ ਭਾਟੀਆ ਸ਼ਾਮਲ ਸਨ।