Wednesday, February 28, 2024

ਕੇਂਦਰ ਹਜ਼ੂਰ ਸਾਹਿਬ ਲਈ ਤੁਰੰਤ ਚਾਲੂ ਕਰੇ ਹਵਾਈ ਉਡਾਨਾਂ – ਬਾਬਾ ਬਲਬੀਰ ਸਿੰਘ

ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪ੍ਰਧਾਨ ਮੰਤਰੀ ਅਤੇ ਸਿਵਲ ਐਵੀਏਸ਼ਨ ਦੇ ਕੇਂਦਰੀ ਮੰਤਰੀ ਜਨਰਲ ਡਾ: ਵੀ.ਕੇ ਸਿੰਘ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ, ਚੰਡੀਗੜ, ਦਿੱਲੀ, ਮੁੰਬਈ, ਆਦਿ ਸ਼ਹਿਰਾਂ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਉਡਾਨਾਂ ਚਾਲੂ ਕਰਨ ਦੀ ਮੰਗ ਕੀਤੀ ਹੈ।ਹਵਾਈ ਉਡਾਨਾਂ ਨਾ ਹੋਣ ਕਾਰਨ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੂਆਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
            ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇੱਕ ਪ੍ਰੈਸ ਨੋਟ ਵਿਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕੋਵਿਡ ਵੇਲੇ ਇਤਆਦ ਵਜੋਂ ਇਹ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਸਰਕਾਰ ਵਲੋਂ ਕੋਵਿਡ ਤੇ ਕਾਬੂ ਪਾ ਲੈਣ ਉਪਰੰਤ ਸਾਰੇ ਦੇਸ਼ ਦੇ ਬਾਕੀ ਕਾਰ ਵਿਹਾਰਾਂ ਵਾਲੇ ਅਦਾਰਿਆਂ ਤੋਂ ਪਾਬੰਦੀ ਵਾਪਸ ਲੈ ਲਈ ਗਈ ਸੀ।ਹੁਣ ਹਰ ਕਿਸਮ ਦੇ ਇਕੱਠ, ਸੰਮੇਲਨ ਆਦਿ ਹੋ ਰਹੇ ਹਨ, ਪਰ ਇਹ ਹਵਾਈ ਉਡਾਨਾਂ ਮੁੜ ਚਾਲੂ ਨਹੀਂ ਕੀਤੀਆਂ ਗਈਆਂ।ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂ ਯਾਤਰੂਆਂ ਨੂੰ ਭਾਰੀ ਵੱਡੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਕੇਂਦਰੀ ਅਸਥਾਨ ਹਨ ਤੇ ਇਨ੍ਹਾਂ ਦਾ ਆਪਸ ਵਿੱਚ ਗੂੜੇ ਇਤਿਹਾਸਕ ਸਬੰਧ ਹਨ।ਭਾਰਤ ਦੇ ਵੱਖ-ਵੱਖ ਹਿਸਿਆਂ ਤੋਂ ਲੱਖਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜਦੇ ਹਨ, ਇਹ ਸ਼ਹਿਰ ਵਿਉਪਾਰ ਦਾ ਕੇਂਦਰ ਵੀ ਹੈ।ਇਸ ਲਈ ਬੰਦ ਫਲਾਇਟਾਂ ਦੁਸਹਿਰੇ ਤੋਂ ਪਹਿਲਾਂ ਪਹਿਲਾਂ ਮੁੜ ਚਾਲੂ ਕੀਤੀਆਂ ਜਾਣ।ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੂੰ ਵੀ ਇਕ ਪੱਤਰ ਲਿਖ ਕੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਪਾਸ ਜ਼ੋਰਦਾਰ ਤਰੀਕੇ ਨਾਲ ਉਠਾਉਣ ਲਈ ਕਿਹਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …