Friday, March 1, 2024

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ

ਮਾਤਾ ਸੁਲੱਖਣੀ ਜੀ ਦੇ ਪਿਤਾ ਮੂਲ ਚੰਦ ਚੋਣਾ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਜੱਦੀ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਦੇ ਰਹਿਣ ਵਾਲੇ ਸਨ।ਮਾਤਾ ਸੁਲੱਖਣੀ ਜੀ ਦੇ ਪਿਤਾ ਬਟਾਲਾ ਸ਼ਹਿਰ ਵਿੱਚ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਇਥੇ ਰਹਿੰਦਿਆਂ ਹੋਇਆਂ ਹੀ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਸੰਨ 1473 ਈ: ਨੂੰ ਮਾਤਾ ਸੁਲੱਖਣੀ ਜੀ ਦਾ ਜਨਮ ਇਸ ਪਾਵਨ-ਪਵਿੱਤਰ ਅਸਥਾਨ ‘ਤੇ ਹੋਇਆ।ਜਨਮ ਤੋਂ ਲੈ ਕੇ ਵਿਆਹ ਤੱਕ ਮਾਤਾ ਸੁਲੱਖਣੀ ਜੀ ਇਸ ਘਰ ਵਿੱਚ ਰਹੇ।
ਬਾਅਦ ਵਿੱਚ ਇਸ ਅਸਥਾਨ ‘ਤੇ ਹੀ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਭਾਦੋਂ ਸੁਦੀ ਸੱਤਵੀਂ ਸੰਮਤ ਬਿਕਰਮੀ 1544 ਮੁਤਾਬਿਕ 12 ਸਤੰਬਰ ਸੰਨ 1487 ਈਸਵੀ ਨੂੰ ਮਾਤਾ ਸੁਲੱਖਣੀ ਜੀ ਨਾਲ ਹੋਇਆ।ਵਿਆਹ ਨੇਪੜੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਗੁਰੂ ਨਾਨਕ ਸਾਹਿਬ ਜੀ ਦੇ ਜੀਜਾ ਜੈ ਰਾਮ ਵੱਲੋਂ ਨਿਭਾਈ ਗਈ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਜਦੋਂ ਇਥੇ ਪਹੁੰਚੀ ਤਾਂ ਬਰਾਤ ਦਾ ਠਹਿਰਾਓ ਘਰ ਦੇ ਨਜ਼ਦੀਕ ਇੱਕ ਪੁਰਾਤਨ ਹਵੇਲੀ ਵਿੱਚ ਕੀਤਾ ਗਿਆ ਸੀ।ਜਿਥੇ ਹੁਣ ਸੁੰਦਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ‘ਗੁਰਦੁਆਰਾ ਸ੍ਰੀ ਡੇਹਰਾ ਸਾਹਿਬ’ ਅਸਥਾਨ ‘ਤੇ ਸੰਪਨ ਹੋਈਆਂ ਸਨ।ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸੇ ਅਸਥਾਨ ‘ਤੇ ਵਿਆਹ ਸਬੰਧੀ ਬ੍ਰਾਹਮਣ ਰੀਤੀਆਂ ਦਾ ਖੰਡਨ ਕਰਦਿਆਂ ਮੂਲ ਮੰਤਰ ਲਿਖ ਕੇ ਚਾਰ ਲਾਵਾਂ ਲੈ ਕੇ ਵਿਆਹ ਸੰਪਨ ਕੀਤਾ ਗਿਆ ਸੀ।
ਸ੍ਰੀ ਗੁਰੂ ਸੂਰਜ ਪਰਤਾਪ ਗ੍ਰੰਥ ਅਨੁਸਾਰ ਜਦੋਂ ਮੂਲ ਚੰਦ ਜੀ ਪਟਵਾਰੀ ਦੀ ਨੌਕਰੀ ਤੋਂ ਸੇਵਾ-ਮੁਕਤ ਹੋਏ ਤਾਂ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਪੱਖੋਕੇ ਰੰਧਾਵਾ ਰਹਿਣਾ ਸ਼ੁਰੂ ਕਰ ਦਿੱਤਾ ਸੀ।ਬਾਅਦ ਵਿੱਚ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਆਪਣੇ ਸਪੁੱਤਰ ਧੰਨ-ਧੰਨ ਬਾਬਾ ਗੁਰਦਿੱਤਾ ਜੀ ਵਿਆਹੁਣ ਵਾਸਤੇ 29 ਵੈਸਾਖ ਸੰਨ 1624 (ਸੰਮਤ 1681) ਨੂੰ ਬਟਾਲਾ ਸ਼ਹਿਰ ਆਏ ਸਨ, ਜਿਥੇ ਹੁਣ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਸੁਸ਼ੋਭਿਤ ਹੈ।ਉਸ ਸਮੇਂ ਬਰਾਤ ਦੇ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਪੁੱਤਰੀ ਬੀਬੀ ਵੀਰੋ ਜੀ, ਸਾਂਢੂ ਭਾਈ ਸਾਂਈ ਦਾਸ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਦਾਤੂ ਜੀ ਆਦਿ ਸੰਗਤਾਂ ਨਾਲ ਆਈਆਂ ਸਨ।ਉਸ ਸਮੇਂ ਇਸ ਪਵਿੱਤਰ ਅਸਥਾਨ ਨੂੰ ਪਰਗਟ ਕੀਤਾ ਗਿਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਯਾਦਗਾਰ ਦੇ ਰੂਪ ਵਿੱਚ ‘ਥੜ੍ਹਾ ਸਾਹਿਬ’ ਬਣਵਾਇਆ ਗਿਆ ਸੀ, ਜੋ ਅੱਜ ਵੀ ਮੌਜ਼ੂਦ ਹੈ ।
ਇਸੇ ਅਸਥਾਨ ‘ਤੇ ਮਾਤਾ ਸੁਲੱਖਣੀ ਜੀ ਦੇ ਘਰ ਦੀ ਪਵਿੱਤਰ ਇਤਿਹਾਸਿਕ ਖੂਹੀ ਮੌਜ਼ੂਦ ਹੈ। ਇਸ ਖੂਹੀ ਦੇ ਜਲ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰ ਦਿੱਤਾ ਸੀ ਕਿ ਇਸ ਖੂਹੀ ਦਾ ਜਲ ਛਕਣ ਨਾਲ ਅਸਾਧ ਰੋਗ ਦੂਰ ਹੋਣਗੇ।ਇਤਿਹਾਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਸੰਨ 1785 ਈ: ਵਿੱਚ ਕਨ੍ਹਈਆ ਮਿਸਲ ਦੀ ਮਹਾਰਾਣੀ ਸਦਾ ਕੌਰ (ਜੋ ਕਿ ਉਸ ਸਮੇਂ ਬਟਾਲਾ ਸ਼ਹਿਰ ‘ਤੇ ਰਾਜ ਕਰਦੇ ਸਨ) ਦੀ ਪੁੱਤਰੀ ਬੀਬੀ ਮਹਿਤਾਬ ਕੌਰ ਨਾਲ ਹੋਇਆ ਸੀ।ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਇਆ ਜੋ ਮਹਾਰਾਜਾ ਸ਼ੇਰ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਏ।ਬਹੁਤਾ ਸਮਾਂ ਮਹਾਰਾਜਾ ਸ਼ੇਰ ਸਿੰਘ ਜੀ ਵੱਲੋਂ ਆਪਣੀ ਨਾਨੀ ਮਹਾਰਾਣੀ ਸਦਾ ਕੌਰ ਕੋਲ ਬਟਾਲਾ ਵਿਖੇ ਬਤੀਤ ਕੀਤਾ ਗਿਆ ।
ਇਥੇ ਰਹਿੰਦਿਆਂ ਹੋਇਆਂ ਸ਼ਰਧਾ ਪੂਰਵਕ ਮਹਾਰਾਜਾ ਸ਼ੇਰ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਪਹਿਲੀ ਇਮਾਰਤ ਦੀ ਉਸਾਰੀ 1837 ਤੋਂ 1840 ਦੇ ਦਰਮਿਆਨ ਕਰਵਾਈ ਗਈ ਜਿਸ ਨੂੰ ਚਾਰ ਚਾਂਦੀ ਦੇ ਦਰਵਾਜਿਆਂ ਨਾਲ ਸਜਾਇਆ ਗਿਆ ਸੀ।ਮਹਾਰਾਜਾ ਸ਼ੇਰ ਸਿੰਘ ਵੱਲੋਂ ਇਸ ਅਸਥਾਨ ਦਾ ਨਾਮ ‘ਗੁਰਦੁਆਰਾ ਸ੍ਰੀ ਡੇਹਰਾ ਸਾਹਿਬ’ ਰੱਖਿਆ ਗਿਆ, ਜੋ ਪਹਿਲਾਂ ਮੂਲ ਚੰਦ ਦਾ ਡੇਰਾ ਅਖਵਾਉਂਦਾ ਸੀ।
ਹੁਣ ਇਸ ਪਾਵਨ-ਪਵਿੱਤਰ ਅਸਥਾਨ ‘ਤੇ ਹਰ ਸਾਲ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ-ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।0209202202

(3 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਵਿਸ਼ੇਸ਼)

ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ)
ਗਰੇਟਰ ਕੈਲਾਸ਼, ਬਟਾਲਾ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …