ਮੁਖਤਾਰ ਗਿੱਲ ਨਾਲ ਰਚਾਇਆ ਸਾਹਿਤਕ ਸੰਵਾਦ
ਅੰਮ੍ਰਿਤਸਰ , 2 ਸਤੰਬਰ (ਦੀਪ ਦਵਿੰਦਰ ਸਿੰਘ) – ‘ਲੇਖਕਾਂ ਦਾ ਮੱਕਾ’ ਅਤੇ ‘ਲੇਖਕਾਂ ਦੇ ਸੁਪਨਿਆਂ ਦੀ ਧਰਤੀ’ ਆਦਿ ਨਾਵਾਂ ਨਾਲ ਜਾਣੇ ਜਾਂਦੇ ਪ੍ਰਮੁੱਖ ਇਤਿਹਾਸਕ ਸਥਾਨ ਪ੍ਰੀਤ ਨਗਰ ਦਾ ਸਥਾਨਕ ਸਾਹਿਤਕਾਰਾਂ ਦੌਰਾ ਕੀਤਾ ਅਤੇ ਚਰਚਿਤ ਕਹਾਣੀਕਾਰ ਮੁਖਤਾਰ ਗਿੱਲ ਨਾਲ ਸਾਹਿਤਕ ਸੰਵਾਦ ਵੀ ਰਚਾਇਆ ਗਿਆ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਹਿਤਕਾਰਾਂ ਦੀ ਇਸ ਫ਼ੇਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਵੇਂ ਅਸੀਂ ਆਪਣੀਆਂ ਪਰਿਵਾਰਕ ਖੁਸ਼ੀਆਂ ਦੇ ਮੌਕੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ‘ਤੇ ਜਾ ਕੇ ਆਪਣੇ ਦਿੰਨ ਯਾਦਗਾਰੀ ਬਣਾਉਂਦੇ ਹਾਂ ਉਸੇ ਤਰਜ਼ ‘ਤੇ ਸਾਨੂੰ ਆਪਣੇ ਵੱਡੇ ਲੇਖਕਾਂ ਦੀਆਂ ਉਹਨਾਂ ਥਾਵਾਂ ਦੀ ਵੀ ਪਰਿਵਾਰਾਂ ਸਮੇਤ ਯਾਤਰਾ ਕਰਨੀ ਚਾਹੀਦੀ ਹੈ, ਜਿਹਨਾਂ ਥਾਵਾਂ ਤੋਂ ਸਾਡੇ ਸਤਿਕਾਰਤ ਲੇਖਕਾਂ ਨੇ ਬਹੁ-ਮੁੱਲੀਆਂ ਸਾਹਿਤਕ ਰਚਨਾਵਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਪ੍ਰੀਤ ਨਗਰ ਵਿੱਚ ਰਹਿੰਦੇ ਪੰਜਾਬੀ ਜ਼ੁਬਾਨ ਦੇ ਪ੍ਰਮੁੱਖ ਕਹਾਣੀਕਾਰ ਮੁਖਤਾਰ ਗਿੱਲ ਨੇ ਸਮੁੱਚੇ ਪ੍ਰੀਤ ਨਗਰ ਦੀ ਗੇੜੀ ਲਵਾਈ ਅਤੇ ਇਥੇ ਵਸਦੇ ਰਹੇ ਵੱਡੇ ਲੇਖਕਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਵਲੋਂ ਵਿਉਂਤੀ ਇਸ ਨਗਰੀ ਵਿਚ ਨਾਵਲਕਾਰ ਨਾਨਕ ਸਿੰਘ, ਬਲਰਾਜ ਸਾਹਨੀ, ਬਲਵੰਤ ਗਾਰਗੀ ਅਤੇ ਹੋਰ ਸਾਹਿਤਕਾਰਾਂ ਨੇ ਆ ਕੇ ਰਲ ਮਿਲ ਕੇ ਰਹਿਣ-ਸਹਿਣ, ਜੀਣ-ਥੀਣ ਅਤੇ ਮਾਨਵੀ ਦੁੱਖ ਸੁੱਖ ਦੀ ਸਾਂਝ ਦੀ ਸਮਾਜਿਕ ਮਿਸਾਲ ਕਾਇਮ ਕੀਤੀ ਸੀ।ਉਹਨਾਂ ਇਹ ਵੀ ਦੱਸਿਆ ਕਿ ਵਾਰਤਕ ਲੇਖਕ ਗੁਰਬਖਸ਼ ਸਿੰਘ ਪ੍ਰੀਤ ਲੜੀ ਵਲੋਂ ਸ਼ੁਰੂ ਕੀਤੇ ਪ੍ਰਮੁੱਖ ਪੰਜਾਬੀ ਰਸਾਲੇ ਨੇ ਜਿਥੇ ਬਹੁਤ ਸਾਰੇ ਪੰਜਾਬੀ ਲੇਖਕ ਦੀ ਪਛਾਣ ਬਣਾਈ ਉਥੇ ਪੰਜਾਬੀ ਪਾਠਕ ਵੀ ਵੱਡੀ ਗਿਣਤੀ ਵਿੱਚ ਪੈਦਾ ਕੀਤੇ।
ਡਾ ਮੋਹਨ ਬੇਗੋਵਾਲ, ਹਰਜੀਤ ਸਿੰਘ ਸੰਧੂ, ਮਨਮੋਹਨ ਬਾਸਰਕੇ, ਜਗਤਾਰ ਗਿੱਲ, ਸੁਮੀਤ ਸਿੰਘ, ਜਸਵੰਤ ਧਾਪ, ਬਲਜਿੰਦਰ ਮਾਂਗਟ, ਵਜੀਰ ਸਿੰਘ ਰੰਧਾਵਾ ਆਦਿ ਨੇ ਮੁਖਤਾਰ ਗਿੱੱਲ ਦੀ ਪ੍ਰਾਹੁਣਾਚਾਰੀ ਦਾ ਧੰਨਵਾਦ ਕਰਦਿਆਂ ਅਜਿਹੀਆਂ ਇਤਿਹਾਸਕ ਫ਼ੇਰੀਆਂ ਦੀ ਨਿਰੰਤਰਤਾ ਦੀ ਹਾਮੀ ਵੀ ਭਰੀ ।
ਅੰਤ ਤੇ “ਮੇਲਾ” ਰਸਾਲੇ ਦਾ ਬਲਵੰਤ ਗਾਰਗੀ ਵਿਸ਼ੇਸ਼ ਅੰਕ ਹਾਜ਼ਰ ਸਾਹਿਤਕਾਰਾਂ ਨੇ ਰਲੀਜ਼ ਕੀਤਾ ਗਿਆ।