ਡੀ.ਟੀ.ਐਫ ਅਤੇ ਸਹਿਯੋਗੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ਭੇਜੇ “ਸੰਘਰਸ਼ ਦੇ ਨੋਟਿਸ”
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ, ਈ.ਟੀ.ਟੀ ਟੈਟ ਪਾਸ ਅਧਿਆਪਕ ਐਸੋ: 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐਲ ਅਧਿਆਪਕ ਯੂਨੀਅਨ ਦੇ ਸਾਂਝੇ ਸੱਦੇ `ਤੇ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕਾਂ ਵਲੋਂ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਕਮ ਸੰਘਰਸ਼ ਦੇ ਨੋਟਿਸ ਸੌਂਪਦਿਆਂ 11-11 ਸਾਲ ਤੋਂ ਰੈਗੂਲਰਾਈਜ਼ੇਸ਼ਨ ਦੀ ਉਡੀਕ ਕਰ ਰਹੇ ਓ.ਡੀ.ਐਲ ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈ.ਟੀ.ਟੀ ਅਧਿਆਪਕਾਂ ‘ਤੇ ਜਬਰੀ ਥੋਪਿਆ ਨਵਾਂ ਤਨਖ਼ਾਹ ਸਕੇਲ ਰੱਦ ਕਰਕੇ ਈ.ਟੀ.ਟੀ ਦੀ 4500 ਭਰਤੀ ਦੇ ਸਾਰੇ ਲਾਭ ਬਹਾਲ ਕਰਨ ਦੀ ਮੰਗ ਕੀਤੀ। ਇਹਨਾਂ ਦੋਵੇਂ ਮਸਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ “ਇਨਸਾਫ ਰੈਲੀ” ਦਾ ਐਲਾਨ ਵੀ ਕੀਤਾ ਗਿਆ।
ਡੀ.ਟੀ.ਐਫ ਪੰਜਾਬ ਦੇ ਸੂਬਾਈ ਵਿੱਤ ਸਕੱਤਰ-ਕਮ ਜਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਅਧੀਨ 7654, 3442, 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਕ੍ਰਮਵਾਰ ਸਾਲ 2014, 2016 ਅਤੇ 2017 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ, ਪ੍ਰੰਤੂ 125 ਤੋਂ ਵਧੇਰੇ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਨਾਲ ਹਾਲੇ ਤਕ ਰੈਗੂਲਰ ਨਹੀਂ ਕੀਤਾ ਗਿਆ ਹੈ।ਜਦ ਕਿ ਕਈ ਭਰਤੀਆਂ ਦੇ ਸੈਂਕੜੇ ਓ.ਡੀ.ਐਲ ਅਧਿਆਪਕ ਰੈਗੂਲਰ ਵੀ ਹੋ ਚੁੱਕੇ ਹਨ, ਹਜ਼ਾਰਾਂ ਓ.ਡੀ.ਐਲ ਅਧਿਆਪਕਾਂ ਦੀ ਪ੍ਰੋਮੋਸ਼ਨ ਹੋ ਚੁੱਕੀ ਹੈ ਅਤੇ ਸਾਲ 2019 ਵਿੱਚ ਕਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਹਾਈਕੋਰਟ ਵਲੋਂ ਵੀ ਇਨ੍ਹਾਂ ਦੀ ਰੈਗੂਲਰਾਈਜ਼ੇੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।ਇਸੇ ਤਰ੍ਹਾਂ ਸਿੱਖਿਆ ਵਿਭਾਗ (ਪ੍ਰਾਇਮਰੀ) ਅਧੀਨ ਸਾਲ 2016 ਵਿੱਚ 4500 ਈ.ਟੀ.ਟੀ ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰਨ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ।ਉਨਾਂ ਕਿਹਾ ਕਿ ਅਧਿਆਪਕ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਹੁਣ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ।ਸੰਘਰਸ਼ ਦੀ ਅਗਲੀ ਕੜੀ ਤਹਿਤ 13 ਸਤੰਬਰ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਸੰਘਰਸ਼ ਦਾ ਨੋਟਿਸ ਸੌਂਪਿਆ ਜਾਵੇਗਾ।