ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਹਮੇਸ਼ਾ ਤੋ ਹੀ ਧਾਰਮਿਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਸੰਸਥਾ ਅਧੀਨ 50 ਸਕੂਲਾਂ ਤੋ ਇਲਾਵਾ ਬਜੁਰਗਾਂ ਲਈ ਬਿਰਧਘਰ, ਫ੍ਰੀ ਹਸਪਤਾਲ ਅਤੇ ਦਵਾਖਾਨੇ, ਯਤੀਮਖਾਨਾ ਜਿਹੀਆਂ ਸੰਸਥਾਵਾਂ ਇਸ ਦੀਆਂ ਪ੍ਰਾਪਤੀਆਂ ਵਿਚ ਪ੍ਰਮੁੱਖ ਹਨ। ਇਹਨਾ ਸੇਵਾਵਾਂ ਨੂੰ ਹੋਰ ਵਧਾਉਂਦਿਆਂ ਹੋਇਆਂ ਸੁਸਾਇਟੀ ਵਲੋਂ ਚੀਫ ਖਾਲਸਾ ਦੀਵਾਨ ਦੇ ਮੋਢੀ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੁ ਨਾਨਕ ਦੇਵ ਹਸਪਤਾਲ ਵਿਖੇ ਸਥਿਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਨਿਵਾਸ (ਸਰਾਂ) ਦਾ ਉਦਘਾਟਨ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਇਸ ਸ਼ੁਭ ਅਵਸਰ ਤੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ।
ਉਦਘਾਟਨ ਉਪਰੰਤ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਵਲੋਂ ਲੋਕ ਸੇਵਾ ਲਈ ਸਮਰਪਿੱਤ ਭਾਵਨਾ ਨਾਲ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਚੀਫ ਖਾਲਸਾ ਦੀਵਾਨ ਨੂੰਂ ਸਿਖਿਆ ਤੇ ਮਾਨਵਤਾ ਦੀ ਸੱਚੀ ਸੇਵਾ ਦੇ ਖੇਤਰ ਵਿਚ ਹਮੇਸ਼ਾਂ ਅੱਗੇ ਦੱਸਦਿਆਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਸ੍ਰੀ ਗੁਰੁ ਹਰਿ ਰਾਏ ਸਾਹਿਬ ਨਿਵਾਸ (ਸਰਾਂ) ਵਿਚ ਗੁਰੁ ਨਾਨਕ ਦੇਵ ਹਸਪਤਾਲ ‘ਚ ਦਾਖਲ ਮਰੀਜਾਂ ਦੇ ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਦੇ ਰਹਿਣ ਤੇ ਖਾਣ ਪੀਣ ਦੇ ਪ੍ਰਬੰਧ ਦੀ ਜਿੰਮੇਵਾਰੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਹੋਵੇਗੀ।ਉਹਨਾਂ ਦੱਸਿਆ ਕਿ ਸਰ੍ਹਾਂ ਵਿਚ ਹਰ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਲੋੜੀਂਦੇ ਫਰਨੀਚਰ ਸਮੇਤ ਖੁਲੇ ਹਵਾਦਾਰ ਕਮਰੇ ਜਿਹਨਾ ਵਿਚ ਵੀ ਆਈ ਪੀ ਕਮਰੇ ਵੀ ਸ਼ਾਮਿਲ ਹਨ, ਇੰਗਲਿਸ਼ ਬਾਥਰੂਮ ਅਤੇ ਅਤਿ ਆਧੁਨਿਕ ਖੁਲੀ ਹਵਾਦਾਰ ਸਾਫ-ਸੁਥਰੀ ਕਿਚਨ ਬਣਾਈ ਗਈ ਹੈ।ਇਸ ਸਰਾ੍ਹਂ ਵਿਚ ਇੱਕ ਸਮੇਂ ਵਿਚ 100 ਤੋਂ ਉਪਰ ਲੋਕਾਂ ਦੇ ਰਹਿਣ ਦਾ ਪ੍ਰੰਬਧ ਕੀਤਾ ਗਿਆ ਹੈ।ਉਹਨਾਂ ਗੁਰੂ ਕਿਰਪਾ ਨਾਲ ਮਿਲੀ ਇਸ ਸੇਵਾ ਅਤੇ ਜਿੰਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਰੋਜ਼ ਵੱਖ-ਵੱਖ ਥਾਵਾਂ ਤੋ ਬਹੁਤ ਸਾਰੇ ਮਰੀਜ ਗੁਰੁ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੁੰਦੇ ਹਨ ਅਤੇ ਕੁੱਝ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਠੰਡ ਵਿਚ ਰਹਿਣ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਇਧਰ ਉਧਰ ਹੀ ਰਾਤ ਗੁਜਾਰਨੀ ਪੈਦੀ ਹੈ।ਇਸ ਸਰਾਂ ਰਾਹੀ ਮਰੀਜਾਂ ਦੇ ਲੋੜਵੰਦ ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਨੂੰ ਰਹਿਣ ਅਤੇ ਖਾਣ ਪੀਣ ਦੀ ਸਹੂਲਤ ਬੜੇ ਹੀ ਉਚਿਤ ਰੇਟਾਂ ਵਿੱਚ ਉਪਲਬਧ ਕਰਵਾਈ ਜਾਵੇਗੀ।
ਇਸ ਮੌਕੇ ਮੁਖ ਮਹਿਮਾਨ ਸ੍ਰੀ ਅਨਿਲ ਜੋਸ਼ੀ, ਸ਼੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅਤੇ ਆੲੈ ਪਤਵੰਤੇ ਸੱਜਣਾਂ ਨੂੰ ਚੀਫ ਖਾਲਸਾ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ।ਮੈਂਬਰ ਇੰਚਾਰਜ ਸਰ੍ਹਾਂ ਸ: ਹਰਮਿੰਦਰ ਸਿੰਘ ਅਤੇ ਸ: ਮਨਮੋਹਨ ਸਿੰਘ ਨੂੈ ਸਰ੍ਹਾਂ ਦੇ ਨਿਰਮਾਣ ਤੇ ਖੂਬਸੂਰਤ ਦਿੱਖ ਪ੍ਰਦਾਨ ਕਰਨ ਲਈ ਦਿਨ ਰਾਤ ਕੀਤੀ ਗਈ ਅਣਥੱਕ ਮਿਹਨਤ ਅਤੇ ਯਤਨਾਂ ਲਈ ਮੁੱਖ ਮਹਿਮਾਨ ਵਲੋਂ ਉਚੇਚੇ ਤੋਰ ਤੇ ਸਨਮਾਨਿਆ ਗਿਆ।
ਸਮਾਗਮ ਵਿੱਚ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਪ੍ਰਿਸੀ. ਮੈਡੀਕਲ ਕਾਲਜ ਡਾ. ਸੰਤੋਖ ਸਿੰਘ , ਡਿਪਟੀ ਮੈਡੀਕਲ ਸੁਪਰੀਡੈਂਟ ਡਾ: ਸਿੰਗਲਾ, ਸ: ਸਰਬਜੀਤ ਸਿੰਘ, ਸ: ਜੇ ਪੀ ਸਿੰਘ , ਸ: ਰਮਣੀਕ ਸਿੰਘ, ਸ: ਨਿਰੰਜਨ ਸਿੰਘ , ਸ੍ਰ. ਸੁਰਿੰਦਰਪਾਲ ਸਿੰਘ ਵਾਲੀਆ, ਸ੍ਰ. ਜਸਵਿੰਦਰ ਸਿੰਘ ਐਡਵੋਕੇਟ, ਇਜੀ. ਜਸਪਾਲ ਸਿੰਘ, ਸ੍ਰ. ਜੱਜਬੀਰ ਸਿੰਘ ਵਾਲੀਆ, ਸ੍ਰ. ਅਜੀਤ ਸਿੰਘ ਬਸਰਾ, ਸ: ਹਾਕਮ ਸਿੰਘ ਕੋਂਸਲਰ ਪੱਪੂ ਮਹਾਜਨ, ਐਸ ਐਚ ਓ ਗਗਨਦੀਪ ਸਿੰਘ, ਰਕੇਸ਼ ਮਿੰਟੂ, ਵਿਸ਼ਾਲ ਅਤੇ ਹੋਰਨਾਂ ਉਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।