Saturday, January 25, 2025

ਸਰਹੱਦੀ ਖੇਤਰ ਦੇ 56 ਸਿੱਖ ਪਰਿਵਾਰਾਂ ਦੇ ਕਰੀਬ 500 ਮੈਂਬਰਾਂ ਨੇ ਸਿੱਖੀ ’ਚ ਕੀਤੀ ਘਰ ਵਾਪਸੀ

ਸ਼੍ਰੋਮਣੀ ਕਮੇਟੀ ਨੇ ਪਰਿਵਾਰਾਂ ਦੇ ਮੁਖੀਆਂ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਕੀਤਾ ਸਨਮਾਨਿਤ

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਪੰਜਾਬ ਦੇ ਸਰਹੱਦੀ ਖੇਤਰ ਦੇ 12 ਪਿੰਡਾਂ ਤੋਂ 56 ਸਿੱਖ ਪਰਿਵਾਰਾਂ ਦੇ ਲਗਭਗ 500 ਮੈਂਬਰਾਂ ਨੇ ਸਿੱਖੀ ’ਚ ਘਰ ਵਾਪਸੀ ਕੀਤੀ ਹੈ, ਜੋ ਗੁਰੂ ਕੀ ਵਡਾਲੀ, ਖਾਪੜਖੇੜੀ, ਰਾਮੂਵਾਲ, ਧੱਤਲ, ਚੀਚਾ, ਭਕਨਾ, ਬੁਰਜ, ਸੋਹਲ ਤੇ ਝਬਾਲ ਆਦਿ ਪਿੰਡਾਂ ਨਾਲ ਸਬੰਧਤ ਹਨ।ਅੱਜ ਗੁਰਦੁਆਰਾ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਅੰਮ੍ਰਿਤਸਰ ਵਿਖੇ ਕੀਤੇ ਵਿਸ਼ੇਸ਼ ਸਮਾਗਮ ’ਚ ਸ਼ਾਮਲ ਹੋਏ ਘਰ ਵਾਪਸੀ ਕਰਨ ਵਾਲੇ ਕਰੀਬ 100 ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਧਰਮ ਪ੍ਰਚਾਰ ਕਮੇਟੀ ਮੈਂਬਰ ਸੁਖਵਰਸ਼ ਸਿੰਘ ਪੰਨੂ ਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।ਸੁਖਵਰਸ਼ ਸਿੰਘ ਪੰਨੂ ਨੇ ਸਿੱਖੀ ’ਚ ਵਾਪਸ ਪਰਤੇ ਪਰਿਵਾਰਾਂ ਨੂੰ ‘ਜੀ ਆਇਆਂ’ ਕਿਹਾ ਅਤੇ ਭਵਿੱਖ ਵਿਚ ਹੋਰਨਾਂ ਲੋਕਾਂ ਨੂੰ ਅਜਿਹੇ ਅਖੌਤੀ ਪ੍ਰਚਾਰਕਾਂ ਦੇ ਭਰਮਜਾਲ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ।
ਮੌਜੂਦ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਇਹ ਸਿੱਖ ਪਰਿਵਾਰ ਅਖੌਤੀ ਇਸਾਈ ਪ੍ਰਚਾਰਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਹੋ ਗਏ ਸਨ। ਇਨ੍ਹਾਂ ਅੰਦਰ ਸਿੱਖੀ ਭਾਵਨਾ ਪ੍ਰਚੰਡ ਹੈ ਅਤੇ ਇਨ੍ਹਾਂ ਨੇ ਅਹਿਸਾਸ ਕਰਦਿਆਂ ਘਰ ਵਾਪਸੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਰਹੱਦੀ ਖੇਤਰਾਂ ਅੰਦਰ ਸਰਵੇ ਜਾਰੀ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।ਧਰਮ ਪ੍ਰਚਾਰ ਲਹਿਰ ਦੌਰਾਨ ਸੰਗਤਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਗਰੀਬ ਵਿਦਿਆਰਥੀਆਂ ਦੇ ਨਾਲ-ਨਾਲ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਵਿਦਿਆ ਦਾ ਪ੍ਰਬੰਧ ਕੀਤਾ ਜਾਂਦਾ ਹੈ।ਇਸ ਦੇ ਨਾਲ ਹੀ ਅੰਮ੍ਰਿਤਧਾਰੀ ਸਿੱਖ ਬੱਚੀਆਂ ਦੀ ਉਚ ਸਿੱਖਿਆ ਲਈ ਵੀ ਤਲਵੰਡੀ ਸਾਬੋ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੁਫ਼ਤ ਰਿਹਾਇਸ਼ੀ ਕੇਂਦਰ ਸਥਾਪਿਤ ਕੀਤੇ ਗਏ ਹਨ।ਇਥੇ ਪੜ੍ਹਾਈ, ਰਹਿਣ ਸਹਿਣ ਅਤੇ ਖਾਣੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ ਹੈ।ਸਿਹਤ ਸਹੂਲਤਾਂ ਲਈ ਸਰਹੱਦੀ ਪਿੰਡਾਂ ਵਿਚ ਮੈਡੀਕਲ ਕੈਂਪ ਵੀ ਸਮੇਂ ਸਮੇਂ ਲਗਾਏ ਜਾਂਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਖੌਤੀ ਇਸਾਈ ਪ੍ਰਚਾਰਕਾਂ ਦੇ ਝਾਂਸੇ ਤੋਂ ਸੁਚੇਤ ਰਹਿਣ।
ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਹਰਭਜਨ ਸਿੰਘ ਵਕਤਾ, ਜਸਕਰਨ ਸਿੰਘ, ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਹਰਵਿੰਦਰ ਸਿੰਘ ਰੂਪੋਵਾਲੀ, ਦਿਲਰਾਜ ਸਿੰਘ ਗਿੱਲ, ਪ੍ਰਿੰਸੀਪਲ ਮਨਜੀਤ ਕੌਰ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਖ਼ਜ਼ਾਨ ਸਿੰਘ ਆਦਿ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …