ਹਰੇਕ ਵਰਗ ‘ਚ ਪਹਿਲੇ ਪੰਜ਼ ਨੰਬਰਾਂ ‘ਤੇ ਰਹਿਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਲੱਖਾਂ ਦੇ ਇਨਾਮ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਅਜਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸੀਮਾ ਸੁਰੱਖਿਆ ਬਲ ਵਲੋਂ 29 ਅਕਤੂਬਰ ਨੂੂੰ ਅੰਮਿ੍ਰਤਸਰ ਵਿਖੇ ਮੈਰਾਥਨ ਦੋੜ ਕਰਵਾਈ ਜਾ ਰਹੀ ਹੈ।ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿੱਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਮਹਿਲਾ ਜਾਂ ਪੁਰਸ਼ ਭਾਗ ਲੈ ਸਕਦਾ ਹੈ।ਮੈਰਾਥਨ ਦੋੜ ਤਿੰਨ ਵਰਗ ਗਰੁੱਪ ਵਿੱਚ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਵਿੱਚ 42.195 ਕਿਲੋਮੀਟਰ ਮੈਰਾਥਨ ਵਿੱਚ 40 ਸਾਲ ਤੋਂ ਉਪਰ ਅਤੇ 40 ਸਾਲ ਤੋਂ ਘੱਟ ਉਮਰ ਦੇ ਲੋਕ ਭਾਗ ਲੈ ਸਕਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਦੀ ਦੋੜ ਸਵੇਰੇ ਪੰਜ ਵਜੇ ਗੋਲਡਨ ਗੇਟ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਅਤੇ ਜਿਨ੍ਹਾਂ ਇਸ ਮੈਰਾਥਨ ਵਿੱਚ ਭਾਗ ਲੈਣਾ ਹੈ ਉਨ੍ਹਾਂ ਨੂੰ ਇੱਕ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ।ਇਸ ਵਰਗ ਵਿੱਚ 5 ਮਹਿਲਾ ਅਤੇ 5 ਪੁਰਸ਼ ਖਿਡਾਰੀ ਚੁਣੇ ਜਾਣਗੇ, ਜੋ ਪਹਿਲੇ ਨੰਬਰ ਤੋਂ ਪੰਜਵੇਂ ਨੰਬਰ ਤੱਕ ਹੋਣਗੇ।ਪਹਿਲੇ ਨੰਬਰ ‘ਤੇ ਰਹਿਣ ਵਾਲੇ ਨੂੰ ਇੱਕ ਲੱਖ ਰੁਪਏ ਨਕਦ ਇਨਾਮ, ਦੂਸਰੇ ਨੰਬਰ ‘ਤੇ ਆਉਣ ਵਾਲੇ ਨੂੰ 50 ਹਜ਼ਾਰ, ਤੀਸਰੇ ਨੰਬਰ ‘ਤੇ ਆਉਣ ਵਾਲੇ ਨੂੰ 30 ਹਜਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ 20 ਹਜ਼ਾਰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 10 ਹਜਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਦੂਸਰੇ ਵਰਗ ਵਿੱਚ ਹਾਫ ਮੈਰਾਥਨ 21.097 ਕਿਲੋਮੀਟਰ ਮੈਰਾਥਨ ਕਰਵਾਈ ਜਾਵੇਗੀ।ਇਸ ਵਿੱਚ ਵੀ 40 ਸਾਲ ਤੋਂ ਵੱਧ ਅਤੇ ਘੱਟ ਦੋਨੋਂ ਉਮਰ ਦੇ ਮਹਿਲਾ ਪੁਰਸ਼ ਭਾਗ ਲੈ ਸਕਦੇ ਹਨ।ਹਾਫ ਮੈਰਾਥਨ ਸਵੇਰੇ 6.20 ਵਜੇ ਵਾਰ ਮੈਮੋਰੀਅਲ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਇੱਕ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ।ਹਾਫ ਮੈਰਾਥਨ ਵਿੱਚ ਵੀ 5 ਮਹਿਲਾ ਅਤੇ 5 ਪੁਰਸ਼ ਖਿਡਾਰੀ ਚੁਣੇ ਜਾਣਗੇ, ਜੋ ਪਹਿਲੇ ਨੰਬਰ ਤੋਂ ਪੰਜਵੇਂ ਨੰਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ‘ਤੇ ਰਹਿਣ ਵਾਲੇ ਨੂੰ 50 ਹਜ਼ਾਰ ਰੁਪਏ ਨਕਦ ਇਨਾਮ, ਦੂਸਰੇ ਨੰਬਰ ‘ਤੇ ਆਉਣ ਵਾਲੇ ਨੂੰ 30 ਹਜਾਰ, ਤੀਸਰੇ ਨੰਬਰ ‘ਤੇ ਆਉਣ ਵਾਲੇ ਨੂੰ 20 ਹਜਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ 10 ਹਜ਼ਾਰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਤੀਸਰੇ ਵਰਗ ਵਿੱਚ 10 ਕਿਲੋਮੀਟਰ ਦੋੜ ਹੋਵੇਗੀ ਅਤੇ ਇਸ ਵਿੱਚ ਵੀ 40 ਸਾਲ ਤੋਂ ਵੱਧ ਅਤੇ ਘੱਟ ਦੋਨੋਂ ਉਮਰ ਦੇ ਮਹਿਲਾ ਪੁਰਸ਼ ਭਾਗ ਲੈ ਸਕਦੇ ਹਨ।ਇਹ ਦੋੜ ਸਵੇਰੇ 6.30 ਵਜੇ ਪਿੰਡ ਲਹੋਰੀ ਮੱਲ ਤੋਂ ਸ਼ੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ।ਇਸ ਦੋੜ ‘ਚ ਜੋ ਪਹਿਲੇ ਨੰਬਰ ‘ਤੇ ਆਵੇਗਾ ਉਸ ਨੂੰ 25 ਹਜਾਰ ਰੁਪਏ ਨਕਦ ਇਨਾਮ, ਦੂਸਰੇ ਨੰਬਰ ਤੇ ਆਉਣ ਵਾਲੇ ਨੂੰ 15 ਹਜ਼ਾਰ, ਤੀਸਰੇ ਨੰਬਰ ‘ਤੇ ਆਉਣ ਵਾਲੇ ਨੂੰ 10 ਹਜਾਰ, ਚੋਥਾ ਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5-5 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਲਈ ਭਾਗ ਲੈਣ ਵਾਲੇ ਮਹਿਲਾ ਪੁਰਸ਼ ਕੋਲ ਅਪਣਾ ਅਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਹੋਣਾ ਲਾਜ਼ਮੀ ਹੈ।