8 ਗੋਲਡ ਮੈਡਲਾਂ ਵਿਚੋਂ ਲੜਕੀਆਂ ਨੇ ਜਿੱਤੇ 6 ਮੈਡਲ
ਸਮਰਾਲਾ, 1 ਨਵੰਬਰ (ਇੰਦਰਜੀਤ ਸਿੰਘ ਕੰਗ) – ਸ਼ਹੀਦ ਭਗਤ ਸਿੰਘ ਅਕੈਡਮੀ ਮੁਸ਼ਕਾਬਾਦ ਜੋ ਕਿ ਰਾਜਵਿੰਦਰ ਕੁਮਾਰ ਰਾਜੂ ਦੀ ਅਗਵਾਈ ਹੇਠ ਦਿਨੋਂ ਦਿਨੀਂ ਤਰੱਕੀਆਂ ਦੀਆਂ ਪੁਲਾਂਘਾਂ ਪੁੱਟ ਰਹੀ ਹੈ ਅਤੇ ਇਲਾਕੇ ਦੇ ਬੱਚੇ ਬੱਚੀਆਂ ਇਥੋਂ ਕੁਸ਼ਤੀ ਦੀ ਸਿੱਖਿਆ ਪ੍ਰਾਪਤ ਕਰਕੇ ਕੁਸ਼ਤੀ ਮੁਕਾਬਲਿਆਂ ਵਿੱਚ ਨਾਮਨਾ ਖੱਟ ਰਹੇ ਹਨ।ਬੀਤੇ ਦਿਨੀਂ ਜ਼ਿਲ੍ਹਾ ਪੱਧਰੀ ਸਕੂਲੀ ਕੁਸ਼ਤੀ ਮੁਕਾਬਲੇ ਧਾਂਦਰਾ ਵਿਖੇ ਕਰਵਾਏ ਗਏ।ਜਿਥੇ ਲੁਧਿਆਣਾ ਜ਼ਿਲ੍ਹੇ ਵਿਚੋਂ ਵੱਖ ਵੱਖ ਜੋਨਾਂ ਤੋਂ ਲੜਕੇ ਲੜਕੀਆਂ ਨੇ ਭਾਗ ਲਿਆ।ਸਮਰਾਲਾ ਜੋਨ ਤੋਂ ਸ਼ਹੀਦ ਭਗਤ ਸਿੰਘ ਅਕੈਡਮੀ ਦੇ ਬੱਚਿਆਂ ਨੇ ਅਲੱਗ-ਅਲ਼ੱਗ ਭਾਰ ਮੁਕਾਬਲਿਆਂ ਵਿੱਚ ਭਾਗ ਲਿਆ।ਇਥੋਂ ਸਿੱਖਿਆ ਪ੍ਰਾਪਤ ਲੜਕੇ ਲੜਕੀਆਂ ਨੇ 10 ਮੈਡਲਾਂ ਵਿੱਚੋਂ 8 ਗੋਲਡ ਮੈਡਲ ਅਤੇ ਇੱਕ ਸਿਲਵਰ ਤੇ ਇੱਕ ਬਰਾਊਨ ਮੈਡਲ ਹਾਸਲ ਕਰਕੇ ਸਮਰਾਲਾ ਜੋਨ ਦਾ ਨਾਂ ਰੌਸ਼ਨ ਕੀਤਾ।ਇਥੇ ਇਹ ਵੀ ਜਿਕਰਯੋਗ ਹੈ ਕਿ ਜਿਹੜੇ 8 ਗੋਲਡ ਮੈਡਲ ਪ੍ਰਾਪਤ ਹੋਏ ਹਨ, ਉਨ੍ਹਾਂ ਵਿਚੋਂ 6 ਗੋਲਡ ਮੈਡਲ ਲੜਕੀਆਂ ਨੇ ਹਾਸਲ ਕੀਤੇ।ਅਕੈਡਮੀ ਦੀ ਇਸ ਪ੍ਰਾਪਤੀ ਲਈ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਹੋਰ ਸੰਸਥਾਵਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਅਕੈਡਮੀ ਦੇ ਕੋਚ ਰਾਜਵਿੰਦਰ ਕੁਮਾਰ ਰਾਜੂ ਨੂੰ ਮੁਬਾਰਕਾਂ ਦਿੱਤੀਆਂ।