ਪਿੰਡ ਵਡਾਲੀ ਡੋਗਰਾ ਤੇ ਤਲਵੰਡੀ ਡੋਗਰਾ ਦੀਆਂ ਫਿਰਨੀਆਂ ਨੂੰ ਨਵੇਂ ਸਿਰਿਉਂ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ
ਜੰਡਿਆਲਾ ਗੁਰੂ, 4 ਨਵੰਬਰ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਪਿੰਡਾਂ ਨੂੰ ਜਾਂਦੀਆਂ ਸਾਰੀਆਂ ਸੰਪਰਕ ਸੜ੍ਹਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।ਜਿਸ ਤਹਿਤ ਕਈ ਸੜ੍ਹਕਾਂ ਚੌੜੀਆਂ ਹੋ ਜਾਣਗੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਇਸ ਦਾ ਕਾਫ਼ੀ ਫਾਇਦਾ ਹੋਵੇਗਾ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪਿੰਡ ਵਡਾਲੀ ਡੋਗਰਾ ਅਤੇ ਤਲਵੰਡੀ ਡੋਗਰਾ ਦੀਆਂ ਫਿਰਨੀਆਂ ਨੂੰ ਨਵੇਂ ਸਿਰਿਉਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ।ਉਨਾਂ ਕਿਹਾ ਕਿ ਵਡਾਲੀ ਡੋਗਰਾ ਦੀ ਫਿਰਨੀ ਜਿਸ ਦੀ ਲੰਬਾਈ 0.53 ਕਿਲੋਮੀਟਰ ਹੈ ’ਤੇ 13.65 ਲੱਖ ਰੁਪਏ ਅਤੇ ਤਲਵੰਡੀ ਡੋਗਰਾ ਦੀ ਫਿਰਨੀ ਜਿਸਦ ੀ ਲੰਬਾਈ 0.72 ਕਿਲੋਮੀਟਰ ਹੈ ਨੂੰ 18.54 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।ਈ.ਟੀ.ਓ ਨੇ ਕਿਹਾ ਕਿ ਜੰਡਿਆਲਾ ਹਲਕਾ ਕਈ ਰਾਸ਼ਟਰੀ ਮਾਰਗਾਂ ਨਾਲ ਜੁੜਿਆ ਹੈ ਅਤੇ ਛੇਤੀ ਹੀ ਇਥੋਂ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਬਣ ਜਾਵੇਗੀ, ਜਿਸ ਲਈ ਜ਼ਮੀਨ ਐਕਵਾਈਰ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।ਉਨਾਂ ਕਿਹਾ ਕਿ ਸੜ੍ਹਕਾਂ ਕਿਸੇ ਵੀ ਇਲਾਕੇ ਦੀ ਬਿਹਤਰੀ ਅਤੇ ਵਿਕਾਸ ਲਈ ਮੁੱਢਲੀ ਲੋੜ੍ਹ ਹੈ ਜਿਸਨੂੰ ਸਮਝਦੇ ਹੋਏ ਸਰਕਾਰ ਵਲੋਂ ਇਹ ਕੰਮ ਪ੍ਰਮੁੱਖਤਾ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ।
ਈ.ਟੀ.ਓ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਉਥੋਂ ਦੇ ਸੜ੍ਹਕਾਂ ਦੇ ਜਾਲ ਨੂੰ ਦੇਖ ਕੇ ਲਗਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਜਿਨਾਂ ਵਧੀਆ ਸੜ੍ਹਕਾਂ ਦਾ ਜਾਲ ਹੋਵੇਗਾ, ਓਨੇ ਹੀ ਉਦਯੋਗਪਤੀ ਵਪਾਰੀ ਸੂਬੇ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ।
ਇਸ ਮੌਕੇ ਐਸ.ਡੀ.ਐਮ ਮੰਡੀ ਬੋਰਡ ਰਾਵੇਲ ਸਿੰਘ, ਮੇਜ਼ਰ ਸਿੰਘ, ਨਰਿੰਦਰ ਸਿੰਘ ਚੰਨਣਕੇ, ਸਤਿੰਦਰ ਸਿੰਘ, ਸਾਬਕਾ ਸਰਪੰਚ ਲਾਡੀ ਵੀ ਹਾਜ਼ਰ ਸਨ।