ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਬੀਤੇ ਦਿਨੀ ਦਿਨ ਦਿਹਾੜੇ ਕਤਲ ਕਰ ਦਿੱਤੇ ਗਏ ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਪ੍ਰਧਾਨ ਸੁਧੀਰ ਸੂਰੀ ਦਾ ਅੱਜ ਸਖਤ ਸੁਰਖਿਆ ਹੇਠ ਅੰਤਿਮ ਸਸਕਾਰ ਕਰ ਦਿੱਤਾ ਗਿਆ।ਅੰਤਿਮ ਯਾਤਰਾ ਵਿੱਚ ਉਨਾਂ ਦੇ ਪਰਿਵਾਰਕ ਮੈਂਬਰ, ਸਾਥੀ, ਹਿੰਦੂ ਨੇਤਾ, ਸ਼ਿਵ ਸੈਨਾ ਦੇ ਨੇਤਾ, ਵਰਕਰ ਤੇ ਰਿਸ਼ਤੇਦਾਰ ਵੱਡੀ ਗਿਣਤੀ ‘ਚ ਸ਼ਾਮਲ ਹੋਏ।ਪੁਲਿਸ ਵਲੋਂ ਅੰਮ੍ਰਿਤਸਰ ਦੇ ਚੱਪੇ ਚੱਪੇ ‘ਤੇ ਸੁਰੱਖਿਆ ਕਈ ਪੁਲਿਸ ਮੁਲਾਜ਼ਮ ਅਤੇ ਕਮਾਂਡੋ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ‘ਚ ਤਾਇਨਾਤ ਕੀਤੇ ਗਏ ਸਨ।ਸਥਾਨਕ ਸ਼ਿਵ ਪੁਰੀ ਦੁਰਗਿਆਨਾ ਮੰਦਰ ਨੇੜੇ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਉਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਅਗਨੀ ਉਨਾਂ ਦੇ ਬੇਟੇ ਨੇ ਦਿਖਾਈ।
ਇਸ ਤੋਂ ਪਹਿਲਾਂ ਕੱਲ ਪ੍ਰਸਾਸ਼ਨ ਵਲੋਂ ਪਰਿਵਾਰ ਦੀਆਂ ਮੰਗਾਂ ਮੰਨੇ ਜਾਣ ‘ਤੇ ਅੱਜ ਸਸਕਾਰ ਕਰਨ ਦੀ ਸਹਿਮਤੀ ਬਣੀ ਸੀ।ਲੇਕਿਨ ਅੱੱਜ ਵੀ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਆਏ ਕੁੱਝ ਹਿੰਦੂ ਨੇਤਾਵਾਂ ਨੂੰ ਪੁਲਿਸ ਵਲੋਂ ਰੋਕੇ ਜਾਣ ਤੋਂ ਨਾਰਾਜ਼ ਪਰਿਵਾਰ ਵਲੋਂ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।ਲੇਕਿਨ ਜਿਲ੍ਹਾ ਤੇ ਪੁਲਿਸ ਅਧਿਕਾਰੀਆਂ ਵਲੋਂ ਪਰਿਵਾਰ ਨਾਲ ਗੱਲਬਾਤ ਕਰਕੇ ਇਹ ਮਾਮਲਾ ਸੁਲਝਾ ਲਿਆ ਗਿਆ।