“ਕਿਵੇਂ ਐ ਲਾਣੇਦਾਰਾ…ਆਈ ਨ੍ਹੀਂ ਬੋਲੀ ਤੇਰੇ ਬੋਹਲ਼ ਦੀ!”, ਕੈਲੇ ਨੇ ਝੋਨੇ ਦੇ ਢੇਰ ਲਾਗੇ ਮੰਜ਼ੇ ‘ਤੇ ਬੈਠੇ ਗੱਜਣ ਸਿਓ ਨੂੰ ਕਿਹਾ।
“ਬੱਸ ਬਾਈ ਬੋਲੀ ਤਾਂ ਆ ਗਈ ਐ, ਦੁਪਹਿਰ ਤੱਕ ਤੋਲ ਲੱਗ ਜਾਊ।ਆ ਆੜਤੀਏ ਨੂੰ ਡੀਕਦਾ ਤੀ……ਆਇਆ ਨ੍ਹੀਂ ਅਜੇ”, ਗੱਜਣ ਸਿਓ ਨੇ ਫ਼ਿਕਰ ਭਰੀ ਆਵਾਜ਼ ਨਾਲ ਕਿਹਾ।
“ਕੋਈ ਨਾ ਤੁਲ ਜੂਗੀ, ਕਿਉਂ ਚਿਤ ਢਿੱਲਾ ਕਰਦੈ।ਉਨ੍ਹਾਂ ਚਿਰ ਬੈਠ ਬੋਹਲ਼ ‘ਤੇ ਰਾਜਾ ਬਣ ਕੇ।ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਪਾਲ਼ੀ ਐ ਫ਼ਸਲ…ਜਿੱਥੇ 6 ਮਹੀਨੇ ਲਾ ਕੇ ਮਿੱਟੀ ਤੋਂ ਸੋਨਾ ਬਣਾਇਆ, ਘੰਟਾ ਹੋਰ ਬਹਿ ਜਾਹ…ਕਿਉਂ ਝੁਰਦਾ ਐ…ਕੀ ਵੇਚਦੇ ਐ”, ਕੈਲੇ ਨੇ ਮੁੱਠੀ ਝੋਨੇ ਦੀ ਭਰੀ ਤੇ ਤਲ਼ੀ ਤੇ ਰੱਖ ਮਲਦਿਆਂ ਕਿਹਾ।
“ਕਾਹਦਾ ਸਿਉਨਾ ਕੈਲਿਆ, ਕਾਹਦੇ ਰਾਜੇ…ਮੰਗਤਿਆਂ ਵਾਗੂੰ ਬੈਠ ਕੇ ਆਪਣਾ ਸਿਉਨਾ ਵੀ ਤਰਲੈ ਕਰਕੇ ਵੇਚਦੇ ਐਂ। ਕਿਸਾਨਾਂ ਦੇ ਹੱਥਾਂ ਵਿੱਚ ਕੱਖ ਦੀ ਚੀਜ਼ ਬਿਗਾਨੇ ਸਟੋਰਾਂ ਵਿਚ ਜਾ ਕੇ ਲੱਖ ਦੀ ਬਣ ਜਾਂਦੀ ਐ।ਇਹ ਬਾਣੀਏ ਦੇਖ ਕੋਠੀਆਂ ਕਾਰਾਂ ਵਾਲੇ ਬਣਗੇ ਆਪਣੇ ਸਿਰ ‘ਤੇ।ਆਪਣੀ ਓਹੀ ਕਦੀ ਬੱਤਿਓ ਤੇਤੀ ਨ੍ਹੀਂ ਹੋਈ।ਵੇਚਣ ਵੀ ਕਿ ਆਏ ਐਂ…ਬੱਸ ਆੜਤੀਏ ਤੋਂ ਫੜੇ ਵੀ ਪੈਸੇ ਪੂਰੇ ਨਹੀਂ ਹੋਣੇ।ਆਪਾਂ ਤਾਂ ਬਸ ਰਾਖੀ ਹੀ ਕਰਦੇ ਹਾਂ।ਬੋਹਲ਼ ਤਾਂ ਬੋਹਲ਼…ਖੇਤ ਖੜੀ ਫ਼ਸਲ ਵੀ ਬਾਣੀਏ ਦੀ ਹੁੰਦੀ ਐ। ਬਸ ਆਪ ਪਾਲ਼ ਪੋਸ ਛੱਡਦੇ ਹਾਂ, ਰਾਜੇ ਨਹੀਂ……ਆਪਾਂ ਤਾਂ ਚੌਂਕੀਦਾਰ ਵਾਂਗੂੰ ਰਾਖੇ ਹਾਂ……ਬਿਗਾਨੇ ਬੋਹਲਾਂ ਦੇ”, ਇੰਨਾ ਕਹਿ ਕੇ ਗੱਜਣ ਸਿਓ ਮੰਡੀ ਆਏ ਆੜਤੀਏ ਦੀ ਗੱਡੀ ਵੱਲ ਹੋ ਤੁਰ ਪਿਆ। 1311202201
-ਸੁਖਵਿੰਦਰ ਕੌਰ ‘ਹਰਿਆਓ’
ਉਭਾਵਾਲ, ਸੰਗਰੂਰ
8427405492