Saturday, July 27, 2024

ਖਾਲਸਾ ਕਾਲਜ ਵਿਖੇ ਫ਼ਿਜਿਕਸ ਵਿਸ਼ੇ ‘ਤੇ ਨੈਸ਼ਨਲ ਸਿੰਪੋਜ਼ੀਅਮ

200 ਤੋਂ ਵਧੇਰੇ ਵਫ਼ਦਾਂ ਨੇ ਥਰਮਲ ਵਿਸ਼ਲੇਸ਼ਣ ਬਾਰੇ ਕੀਤੀ ਚਰਚਾ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਇੰਡੀਅਨ ਥਰਮਲ ਐਨਾਲਿਸਿਸ ਸੋਸਾਇਟੀ (ਆਈ.ਟੀ.ਏ.ਐਸ) ਅਤੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ 2 ਰੋਜ਼ਾ ਥਰਮਲ ਵਿਸ਼ਲੇਸ਼ਣ ਥਰਮਨਜ਼-2022 ’ਤੇ 23ਵਾਂ ਡੀ.ਏ.ਈ-ਬੀ. ਆਰ.ਐਨ.ਐਸ ਸਿੰਪੋਜ਼ੀਅਮ ਆਯੋਜਿਤ ਕੀਤਾ ਗਿਆ।ਜਿਸ ਵਿਚ ਦੇਸ਼ ਭਰ ਦੇ 200 ਤੋਂ ਵਧੇਰੇ ਵਫ਼ਦ ਨੇ ਲਘੂ ਭੌਤਿਕ ਵਿਗਿਆਨ ਦੇ ਖੇਤਰ ’ਚ ਨਵੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇਸ ਸਿੰਪੋਜ਼ੀਅਮ ’ਚ ਪੁੱਜੇ ਬੁਲਾਰਿਆਂ ਨੇ ਭਾਸ਼ਣਾਂ, ਚਰਚਾਵਾਂ, ਮੌਖਿਕ ਪੇਸ਼ਕਾਰੀਆਂ ਅਤੇ ਪੋਸਟਰ ਸੈਸ਼ਨਾਂ ਨੂੰ ਪ੍ਰਤੱਖ ਕਰਦਿਆਂ ਅਕਾਦਮਿਕ ਵਿਸ਼ਿਆਂ ’ਤੇ ਚਾਨਣਾ ਪਾਇਆ।ਇਸ ’ਚ ਧਾਤ ਦੇ ਮਿਸ਼ਰਣ ’ਤੇ ਪ੍ਰੋਟੀਨ ਡਰੱਗ ਪਰਸਪਰ ਦੇ ਪ੍ਰਭਾਵ, ਪਰਮਾਣੂ ਸਮੱਗਰੀ ਦੀ ਵਿਸ਼ੇਸ਼ਤਾ, ਪੌਲੀਮਰਾਂ, ਧਾਤਾਂ, ਜੈਵਿਕ ਪ੍ਰਣਾਲੀ, ਪੌਲੀਮਰ ਮਿਸ਼ਰਣ, ਪੌਲੀਮਰ ਕੰਪੋਜ਼ਿਟਸ ਅਤੇ ਉੱਚ ਤਾਪਮਾਨ ਦੇ ਪ੍ਰਭਾਵ ਸਮੇਤ ਵਿਭਿੰਨ ਹਾਲਾਤਾਂ ’ਤੇ ਚਰਚਾ ਦੇ ਦੌਰ ਚੱਲੇ।
ਇਸ ਸਿੰਪੋਜ਼ੀਅਮ ਦਾ ਉਦਘਾਟਨ ਕਰਨ ਉਪਰੰਤ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਸੰਬੋਧਨ ’ਚ ਅਜਿਹੇ ਸਮਾਗਮਾਂ ਦੇ ਆਯੋਜਨ ’ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨ ਪੀੜ੍ਹੀ ’ਚ ਖੋਜ ਪ੍ਰਤੀ ਰੁਚੀ ਦਾ ਜ਼ਜ਼ਬਾ ਪੈਦਾ ਹੋ ਸਕੇ। ਅਕਾਦਮਿਕ ਮਾਮਲੇ ਦੇ ਡੀਨ ਅਤੇ ਸਿੰਪੋਜ਼ੀਅਮ ਦੇ ਕਨਵੀਨਰ ਡਾ. ਤਮਿੰਦਰ ਸਿੰਘ ਨੇ ਸਿੰਪੋਜ਼ੀਅਮ ’ਚ ਭਾਗ ਲੈਣ ਵਾਲੇ ਡੈਲੀਗੇਟਾਂ ਦਾ ਸਵਾਗਤ ਕੀਤਾ।
ਇਸ ਮੌਕੇ ਡਾ. ਐਸ.ਕਾਨਨ ਗਰੁੱਪ ਡਾਇਰੈਕਟਰ ਭਾਬਾ ਪਰਮਾਣੂ ਖੋਜ ਕੇਂਦਰ ਮੁੰਬਈ ਜੋ ਕਿ ਸਿੰਪੋਜ਼ੀਅਮ ਦੇ ਮੁੱਖ ਮਹਿਮਾਨ ਸਨ, ਨੇ ਕਿਹਾ ਕਿ ਥਰਮਨਜ਼-2022 ਦੇ ਆਯੋਜਨ ਦਾ ਉਦੇਸ਼ ਬੇਹਤਰ ਉਤਪਾਦਾਂ ਨੂੰ ਡਿਜ਼ਾਈਨ ਕਰਨ ਲਈ ਸਮੱਗਰੀ ਦੀ ਵਿਸ਼ੇਸ਼ਤਾ ਲਈ ਥਰਮਲ ਵਿਸ਼ਲੇਸ਼ਣ ਵਿਧੀ ਦੀ ਉਪਯੋਗਤਾ ਅਤੇ ਮਹੱਤਤਾ ਦਾ ਪ੍ਰਚਾਰ ਕਰਨਾ ਸੀ।ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਕਾਲਜ ਵਿਖੇ ਥਰਮਨਜ਼ ਦਾ ਆਯੋਜਨ ਨੌਜਵਾਨ ਵਿਦਿਆਰਥੀਆਂ ਨੂੰ ਖੋਜ ਦੇ ਇਸ ਖੇਤਰ ’ਚ ਸ਼ਾਮਿਲ ਹੋਣ ਲਈ ਜਾਗਰੂਕ ਅਤੇ ਉਤਸ਼ਾਹਿਤ ਕਰੇਗਾ।ਉਨ੍ਹਾਂ ਕਿਹਾ ਕਿ ਖੇਤਰ ’ਚ ਖੋਜਕਰਤਾਵਾਂ ਨੂੰ ਥਰਮਲ ਵਿਸ਼ਲੇਸ਼ਣ ਦੀਆਂ ਵੱਖ-ਵੱਖ ਤਕਨੀਕਾਂ ’ਚ ਡੂੰਘਾਈ ਨਾਲ ਜਾਣ ਦੀ ਇਜਾਜ਼ਤ ਦੇਵੇਗਾ।
ਇਸ ਮੌਕੇ ਡਾ. ਏ.ਕੇ ਤਿਆਗੀ ਮੁਖੀ ਕੈਮਿਸਟਰੀ ਡਵੀਜ਼ਨ ਭਾਬਾ ਪਰਮਾਣੂ ਖੋਜ ਕੇਂਦਰ ਮੁੰਬਈ ਵਿਸ਼ੇਸ਼ ਮਹਿਮਾਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਥਰਮਨਜ਼-2022 ਦਾ ਆਯੋਜਨ ਭਾਬਾ ਪਰਮਾਣੂ ਖੋਜ ਕੇਂਦਰ ਅਤੇ ਕਾਲਜ ਦਰਮਿਆਨ ਆਪਸੀ ਖੋਜ ਦੇ ਖੇਤਰ ਦੀ ਪੜਚੋਲ ਕਰਨ ਲਈ ਮਜ਼ਬੂਤ ਸਬੰਧ ਬਣਾਉਣ ’ਚ ਬਹੁਤ ਸਹਾਈ ਸਿੱਧ ਹੋਵੇਗਾ।
ਇਸ ਮੌਕੇ ਡਾ. ਜੋਗਾ ਸਿੰਘ, ਡਾ. ਹਰਵਿੰਦਰ ਕੌਰ, ਡਾ. ਗੁਰਪ੍ਰਤਾਪ ਸਿੰਘ, ਸ੍ਰੀਮਤੀ ਗੁਰਸ਼ਰਨ ਕੌਰ, ਡਾ. ਸੰਜੀਤ ਅੰਮ੍ਰਿਤਾ, ਡਾ. ਇਕਬਾਲ ਸਿੰਘ, ਡਾ. ਮੋਹਨ ਸਿੰਘ, ਡਾ. ਗੁਰਿੰਦਰਪਾਲ ਸਿੰਘ, ਡਾ. ਕਮਲਪ੍ਰੀਤ, ਡਾ. ਪਰਵਿੰਦਰ ਕੌਰ, ਡਾ. ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …