Wednesday, January 15, 2025

ਖ਼ਾਲਸਾ ਕਾਲਜ ਵਿਖੇ ਵਾਰਿਸ ਸ਼ਾਹ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੌਮੀ ਸੈਮੀਨਾਰ ਤੇ ਹੀਰ ਗਾਇਨ

ਵਾਰਿਸ ਦੀ ਹੀਰ ਨੂੰ ਪੜ੍ਹੇ ਲਿਖੇ ਬੰਦਿਆਂ ਨਾਲੋਂ ਅਨਪੜ੍ਹ ਬੰਦੇ ਜਿਆਦਾ ਗਾਉਂਦੇ ਤੇ ਜਾਣਦੇ ਸਨ – ਡਾ. ਮਹਿਲ ਸਿੰਘ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਸਹਿਯੋਗ ਨਾਲ ‘ਹੀਰ ਵਾਰਿਸ : ਪ੍ਰੰਪਰਾ ਤੇ ਸਮਕਾਲ’ ਵਿਸ਼ੇ ’ਤੇ ਸੈਮੀਨਾਰ ਅਤੇ ਹੀਰ ਗਾਇਨ ਕਰਵਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਕਿਹਾ ਕਿ ਪੰਜਾਬੀ ਸਮਾਜ ਜਾਤ, ਧਰਮ, ਹੱਦ, ਸਰਹੱਦ ਤੋਂ ਉਪਰ ਉਠ ਕੇ ਵਾਰਿਸ ਸ਼ਾਹ ਦੀ 300ਵੀਂ ਜਨਮ ਸ਼ਤਾਬਦੀ ਬੜੇ ਜੋਸ਼ੋ-ਖਰੋਸ਼ ਨਾਲ ਮਨਾ ਰਿਹਾ ਹੈ।ਉਸੇ ਲੜੀ ਅਧੀਨ ਕਾਲਜ ਵਲੋਂ ਅੱਜ ਹੀਰ ਵਾਰਿਸ : ਪ੍ਰੰਪਰਾ ਅਤੇ ਸਮਕਾਲ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਾਰਿਸ ਇਕ ਮਹਾਨ ਪੰਜਾਬੀ ਸਾਹਿਤਕਾਰ ਸੀ, ਜਿਸ ਨੂੰ ਪੜ੍ਹੇ ਲਿਖੇ ਬੰਦਿਆਂ ਨਾਲੋਂ ਅਨਪੜ੍ਹ ਬੰਦੇ ਜਿਆਦਾ ਗਾਉਂਦੇ ਸਨ, ਉਹ ਸਮਝਦੇ ਸਨ ਕਿ ਜੀਵਨ ਦੀ ਹਰ ਸਮੱਸਿਆ ਦਾ ਹੱਲ ਵਾਰਿਸ ਦੀ ਹੀਰ ’ਚ ਪਿਆ ਹੈ।ਉਸ ਦੀ ਸ਼ਤਾਬਦੀ ਦੋਵਾਂ ਪੰਜਾਬਾਂ ਨੂੰ ਜੋੜਨ ’ਚ ਸਹਾਇਕ ਹੋਵੇਗੀ।ਉਨ੍ਹਾਂ ਨੇ ਕਾਲਜ ਦੇ ਵਿਹੜੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਞਅਤੇ ਯਾਦ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ।
ਉੱਘੇ ਹੀਰ ਚਿੰਤਕ ਡਾ. ਸੁਮੇਲ ਸਿੰਘ ਸਿੱਧੂ ਅਕਾਦਮਿਕ ਫੈਲੋ, ਸਕੂਲ ਆਫ਼ ਲੈਗੁਏਜਜ਼, ਡਾ. ਬੀ.ਆਰ ਅੰਬੇਦਕਰ ਯੂਨੀਵਰਸਿਟੀ ਦਿੱਲੀ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਇਕ ਪਾਸੇ ਸਾਡੀ ਨਵੀਂ ਪੀੜ੍ਹੀ ਆਪਣੇ ਇਤਿਹਾਸਕ ਗੌਰਵ ਪ੍ਰਤੀ ਉਦਾਸੀਨ ਹੋ ਰਹੀ ਹੈ, ਦੂਜੇ ਪਾਸੇ ਸਾਡੇ ਵਿਦਵਾਨਾਂ ਨੇ ਵੀ ਪੰਜਾਬੀ ਨੌਜਵਾਨਾਂ ਨੂ ਕੋਈ ਕੋਈ ਨਵੀਂ ਸਾਰਥਕ ਸੇਧ ਨਹੀਂ ਦਿੱਤੀ।ਉਨ੍ਹਾਂ ਕਿਹਾ ਕਿ ਸੰਤ ਸਿੰਘ ਸੇਖੋਂ ਵਰਗੇ ਵਿਦਵਾਨਾਂ ਨੇ ਮੱਧਕਾਲੀ ਸਾਹਿਤ ਪ੍ਰਤੀ ਨੌਜਵਾਨਾਂ ਦੀ ਦਿ੍ਸ਼ਟੀ ਧੁੰਦਲੀ ਕੀਤੀ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਆਨਲਾਈਨ ਹਿੱਸਾ ਲੈਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਵੱਖ-ਵੱਖ ਸਾਹਿਤਕ ਪ੍ਰੋਗਰਾਮ ਕਰਵਾ ਰਹੀ ਹੈ, ਜਿਸ ’ਚ ਗੁਰੁ ਸਾਹਿਬਾਨ ਦੀਆਂ ਸ਼ਤਾਬਦੀਆਂ ਅਤੇ ਵਾਰਿਸ ਦੀ ਸਤਾਬਦੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕਾਲਜ ਨਾਲ ਸਹਿਯੋਗ ਕਰਕੇ ਸਾਨੂੰ ਚੰਗਾ ਲੱਗਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਸੱਭਿਆਚਾਰਕ ਸਰੋਤ ਵਜੋਂ ਹੀਰ ਵਾਰਿਸ ਇਕ ਮਹੱਤਵਪੂਰਨ ਸਰੋਤ ਬਣ ਚੁੱਕੀ ਹੈ।ਇਹ ਰਚਨਾ ਪੰਜਾਬ ਦੇ ਬੌਧਿਕ ਵਿਰਸੇ ਦੀ ਪ੍ਰੰਪਰਾ ਦਾ ਮਹੱਤਵਪੂਰਨ ਆਧਾਰ ਵੀ ਹੈ।ਉਨ੍ਹਾਂ ਦੱਸਿਆ ਕਿ ਇਹ ਸੈਮੀਨਾਰ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਦੂਸਰੇ ਅਕਾਦਮਿਕ ਸੈਸ਼ਨ ’ਚ ਡਾ. ਗੁਰਮੁੱਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦ੍ਰਿਸ਼ ਸਭਿਆਚਾਰ ’ਚ ਹੀਰ ਵਾਰਿਸ ਦੀ ਪੇਸ਼ਕਾਰੀ, ਵਿਸ਼ੇ ‘ਤੇ ਆਪਣਾ ਖੋਜ ਪੇਪਰ ਪੇਸ਼ ਕਰਦਿਆਂ ਕਿਹਾ ਕਿ ਹੀਰ ਵਾਰਿਸ ’ਚੋਂ ਜੀਵਨ ਅਤੇ ਰਿਸ਼ਤਿਆਂ ਦੀ ਤਰਲਤਾ ਵੇਖਣ ਨੂੰ ਮਿਲਦੀ ਹੈ।ਇਸ ਸੈਸ਼ਨ ਦੀ ਪ੍ਰਧਾਨਗੀ ਉਘੇ ਪੰਜਾਬੀ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਨੇ ਕੀਤੀ ਉਨ੍ਹਾਂ ਕਿਹਾ ਕਿ ਸਮਕਾਲੀ ਪੰਜਾਬ ਦੇ ਮਸਲਿਆਂ ਲਈ ਹੀਰ ਵਾਰਿਸ ’ਚੋਂ ਰੌਸ਼ਨੀ ਲਈ ਜਾ ਸਕਦੀ ਹੈ।ਨਾਂ ਨਾਵੇਂ ਪਿੱਛੇ ਪਿਆ ਅੱਜ ਦਾ ਮਨੁੱਖ, ਮਨੁੱਖ-ਹਿੱਤੂ ਜੀਵਨ ਕੀਮਤਾਂ ਲਈ ਵਾਰਿਸ ਦੀ ਹੀਰ ਤੋਂ ਸੇਧ ਲੈ ਸਕਦਾ ਹੈ।
ਬਾਅਦ ਦੁਪਹਿਰ 2 ਵਜੇ ਕਾਲਜ ਦੇ ਖਚਾ-ਖੱਚ ਭਰੇ ਸਰ ਸੁੰਦਰ ਸਿੰਘ ਮਜੀਠੀਆ ਹਾਲ ’ਚ ਹੀਰ ਗਾਇਨ ਕਰਵਾਇਆ ਗਿਆ।ਇਸ ਗਾਇਨ ’ਚ ਪਹਿਲਾਂ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਹੀਰ ਦਾ ਗਾਇਨ ਕੀਤਾ ਅਤੇ ਬਾਅਦ ’ਚ ਉਘੇ ਸੂਫੀ ਗਾਇਕ ਯਾਕੂਬ ਨੇ ਆਪਣੇ ਅੰਦਾਜ਼ ’ਚ ਹੀਰ ਗਾਈ, ਜਿਸ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਇਸ ਸੈਮੀਨਾਰ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਅਤੇ ਸੀਨੀਅਰ ਅਧਿਆਪਕਾਂ ਨੇ ਹਿੱਸਾ ਲਿਆ।

 

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …