Tuesday, December 5, 2023

ਐਡਵੋਕੇਟ ਧਾਮੀ ਵਲੋਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਲਈ ਨਿਯੁੱਕਤ ਮੈਂਬਰ ਇੰਚਾਰਜ਼ਾਂ ਨਾਲ ਇਕੱਤਰਤਾ

ਅੰਮ੍ਰਿਤਸਰ, 19 ਨਵੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਲਈ ਨਿਯੁੱਕਤ ਕੀਤੇ ਮੈਂਬਰ ਇੰਚਾਰਜ਼ਾਂ ਨਾਲ ਇਕੱਤਰਤਾ ਕਰਕੇ ਭਵਿੱਖ ਵਿਚ ਪ੍ਰਬੰਧ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ।ਇਹ ਮੈਂਬਰ ਇੰਚਾਰਜ਼ ਬੀਤੇ ਦਿਨੀਂ ਜਨਰਲ ਇਜਲਾਸ ਵਿੱਚ ਲਏ ਗਏ ਫੈਸਲੇ ਅਨੁਸਾਰ ਲਗਾਏ ਗਏ ਹਨ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਮੈਂਬਰ ਇੰਚਾਰਜਾਂ ਨਾਲ ਕੀਤੀ ਪਲੇਠੀ ਇਕੱਤਰਤਾ ਦੌਰਾਨ ਸਿੱਖ ਧਰਮ ਦੇ ਪ੍ਰਚਾਰ, ਗੁਰਦੁਆਰਾ ਸਾਹਿਬਾਨ ਦੇ ਲੰਗਰਾਂ, ਸੰਗਤ ਰਿਹਾਇਸ਼ਾਂ, ਉਸਾਰੀਆਂ, ਵਿਦਿਆ ਅਤੇ ਕਾਨੂੰਨੀ ਮਸਲਿਆਂ ਨਾਲ ਸਬੰਧਤ ਕਾਰਜ਼ਾਂ ਨੂੰ ਹੋਰ ਪੁਖਤਗੀ ਨਾਲ ਕਰਨ ਅਤੇ ਸਮੇਂ-ਸਮੇਂ ’ਤੇ ਇਸ ਦੀ ਰਿਪੋਰਟ ਉਨ੍ਹਾਂ ਨੂੰ ਦੇਣ ਬਾਰੇ ਆਖਿਆ।ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਲਈ ਦਿੱਤੀ ਗਈ ਜ਼ੁੰਮੇਵਾਰੀ ਨੂੰ ਸੰਗਤ ਦੀ ਭਾਵਨਾ ਅਤੇ ਮੌਜ਼ੂਦਾ ਸਮੇਂ ਦੀਆਂ ਤਰਜੀਹਾਂ ਅਨੁਸਾਰ ਨਿਭਾਉਂਦਿਆਂ ਲੋੜੀਂਦੇ ਸੁਝਾਅ ਦਿੱਤੇ ਜਾਣ ਅਤੇ ਸਮੇਂ-ਸਮੇਂ ਨਿਗਰਾਨੀ ਕੀਤੀ ਜਾਵੇ।
ਇਕੱਤਰਤਾ ਮਗਰੋਂ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਦੇ ਮੁਲਾਂਕਣ ਲਈ ਲਗਾਏ ਗਏ ਮੈਂਬਰ ਇੰਚਾਰਜ ਆਪੋ-ਆਪਣੇ ਵਿਭਾਗ ਨਾਲ ਸਬੰਧਤ ਕਾਰਜਾਂ ਦੀ ਪੜਚੋਲ ਕਰਕੇ ਇਸ ਦੀ ਰਿਪੋਰਟ ਦੇਣਗੇ ਅਤੇ ਹਰ ਮਹੀਨੇ ਸਾਰੇ ਮੈਂਬਰ ਇੰਚਾਰਜਾਂ ਦੀ ਇਕੱਤਰਤਾ ਕਰਕੇ ਉਸ ਵਿਚ ਲੋੜੀਂਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ।
ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਗਏ ਸੰਘਰਸ਼ ਦੀ ਅਗਲੀ ਕੜੀ ਤਹਿਤ 1 ਦਸੰਬਰ 2022 ਤੋਂ ਦਸਤਖ਼ਤੀ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਲੋੜੀਂਦੇ ਪ੍ਰੋਫਾਰਮੇ ਤਿਆਰ ਕਰ ਲਏ ਗਏ ਹਨ, ਜੋ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ, ਪਿੰਡਾਂ, ਕਸਬਿਆਂ ਆਦਿ ਵਿਚ ਜਾ ਕੇ ਭਰਵਾਏ ਜਾਣਗੇ।ਇਸ ਸਬੰਧ ਵਿਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਮੁਕੰਮਲ ਕਰਨ ਮਗਰੋਂ ਪੰਜਾਬ ਦੇ ਗਵਰਨਰ ਨੂੰ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਧਰਮ ਪ੍ਰਚਾਰ ਲਹਿਰ ਨੂੰ ਆਧੁਨਿਕ ਤਰਜੀਹਾਂ ਅਨੁਸਾਰ ਘਰ-ਘਰ ਤੱਕ ਪਹੁੰਚਾਉਣ ਲਈ ਪ੍ਰਚਾਰਕ ਜਥੇ ਰਵਾਨਾ ਕੀਤੇ ਜਾਣਗੇ।ਇਸ ਤਹਿਤ ਧਾਰਮਿਕ ਦੀਵਾਨਾਂ ਦੇ ਨਾਲ-ਨਾਲ ਸੰਵਾਦ ਵਿਧੀ ਰਾਹੀਂ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਬਾਰੇ ਸੰਗਤ ਤੱਕ ਜਾਣਕਾਰੀ ਪਹੁੰਚਾਈ ਜਾਵੇਗੀ।ਐਡਵੋਕੇਟ ਧਾਮੀ ਅਨੁਸਾਰ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਬਾਰੇ ਬੀਤੇ ਸਮੇਂ ਲਿਆ ਗਿਆ ਫੈਸਲਾ ਵੀ ਜਲਦ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਗਠਨ ਲਈ ਵੱਖ-ਵੱਖ ਦੇਸ਼ਾਂ ਵਿੱਚੋਂ ਸਿੱਖ ਨੁਮਾਇੰਦੇ ਲਏ ਜਾਣਗੇ।
ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਮੈਂਬਰ ਮੋਹਨ ਸਿੰਘ ਬੰਗੀ, ਬਾਵਾ ਸਿੰਘ ਗੁਮਾਨਪੁਰਾ, ਜਰਨੈਲ ਸਿੰਘ ਕਰਤਾਰਪੁਰ, ਪਰਮਜੀਤ ਸਿੰਘ ਖਾਲਸਾ, ਸ਼ੇਰ ਸਿੰਘ ਮੰਡਵਾਲਾ, ਗੁਰਨਾਮ ਸਿੰਘ ਜੱਸਲ, ਸੁਰਜੀਤ ਸਿੰਘ ਤੁਗਲਵਾਲ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ, ਜੋਧ ਸਿੰਘ ਸਮਰਾ, ਨਵਤੇਜ ਸਿੰਘ ਕਾਉਣੀ, ਗੁਰਬਖ਼ਸ਼ ਸਿੰਘ ਖਾਲਸਾ, ਸਰਵਨ ਸਿੰਘ ਕੁਲਾਰ, ਅਜਮੇਰ ਸਿੰਘ ਖੇੜਾ, ਭਾਈ ਮਨਜੀਤ ਸਿੰਘ, ਕੁਲਵੰਤ ਸਿੰਘ ਮੰਨਣ, ਰਘਬੀਰ ਸਿੰਘ ਸਹਾਰਨ ਮਾਜਰਾ, ਗੁਰਮੀਤ ਸਿੰਘ ਬੂਹ, ਅਮਰੀਕ ਸਿੰਘ ਵਿਛੋਆ, ਅਮਰਜੀਤ ਸਿੰਘ ਭਲਾਈਪੁਰ, ਹਰਭਜਨ ਸਿੰਘ ਮਸਾਣਾ, ਬਲਵਿੰਦਰ ਸਿੰਘ ਵੇਈਂਪੂਈਂ, ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਹਰਜੀਤ ਸਿੰਘ ਲਾਲੂ ਘੁੰਮਣ ਆਦਿ ਮੌਜੂਦ ਸਨ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …