Monday, December 23, 2024

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਅੰਮ੍ਰਿਤਸਰ ਵਿਖੇ ਕੌਮੀ ਪੱਧਰ ਦਾ ਪ੍ਰਦਰਸ਼ਨੀ-ਸੰਮੇਲਨ ਕੇਂਦਰ ਸਥਾਪਿਤ ਕਰਨ ਦੀ ਮੰਗ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮੰਗ ਕੀਤੀ ਗਈ ਹੈ ਕਿ ਗੁਰੂ ਨਗਰੀ ਵਿਖੇ ਕੌਮੀ ਪੱਧਰ ਦਾ ਮਿਆਰੀ ਪ੍ਰਦਰਸ਼ਨੀ-ਸੰਮੇਲਨ ਕੇਂਦਰ ਦੀ ਸਥਾਪਨਾ ਕੀਤੀ ਜਾਵੇ।ਸਥਾਨਕ ਰਣਜੀਤ ਐਵਿਨਿਊ ਵਿਖੇ ਚੱਲ ਰਹੇ ਕੌਮਾਂਤਰੀ ਪ੍ਰਦਰਸ਼ਨੀ ਮੇਲੇ ਪਾਈਟੈਕਸ ਦੌਰਾਨ ਮੰਚ ਵਲੋਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਣ ਸਿੰਘ ਬਰਾੜ ਸਰਪ੍ਰਸਤ, ਪ੍ਰਧਾਨ ਹਰਦੀਪ ਸਿੰਘ ਚਾਹਲ, ਜਸਪਾਲ ਸਿੰਘ ਅਤੇ ਮਾਈਕਲ ਅਧਾਰਿਤ ਪ੍ਰਤੀਨਿਧ ਮੰਡਲ ਅੱਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀਮਤੀ ਅਨਮੋਲ ਗਗਨ ਮਾਨ ਨੂੰ ਮਿਲਿਆ।
ਯਾਦ ਰਹੇ ਕਿ ਅੰਮ੍ਰਿਤਸਰ ਦੀ ਇਤਿਹਾਸਕ, ਧਾਰਮਿਕ ਅਤੇ ਵਿਉਪਾਰਕ ਮਹੱਤਤਾ ਨੂੰ ਮਾਨਤਾ ਦੇਂਦੇ ਹੋਏ ਸੰਨ 2016 ਵਿੱਚ “ਹਾਰਟ ਆਫ ਏਸ਼ੀਆ” ਅੰਤਰਰਾਸ਼ਟਰੀ ਸੰਮੇਲਨ ਹੋਇਆ ਸੀ, ਜਿਸ ਵਿੱਚ 40 ਮੁਲਕਾਂ ਦੇ ਪ੍ਰਮੁੱਖ ਪ੍ਰਤੀਨਿਧੀ ਸ਼ਾਮਲ ਹੋਏ ਸਨ।ਇਸ ਸਾਲ ਦੌਰਾਨ ਮਾਰਚ ਅਤੇ ਜੂਨ ਮਹੀਨਿਆਂ ਦੌਰਾਨ ਕੌਮਾਂਤਰੀ ਪੱਧਰ ਦਾ ਅੰਤਰਰਾਸ਼ਟਰੀ ਸੰਮੇਲਨ ਜੀ-20 ਆਯੋਜਿਤ ਕੀਤਾ ਜਾਵੇਗਾ।ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਲਾਸਟਿਕ ਸਰਜਨਾਂ ਅਤੇ ਔਰਥੋਪੈਡਿਕ ਸਰਜਨਾਂ ਦੇ ਕੌਮੀ ਸੰਮੇਲਨ ਵੀ ਹੋਏ ਹਨ।ਇਸ ਲਈ ਕੌਮੀ ਪੱਧਰ ਦਾ ਵਿਰਾਸਤੀ ਵਿਉਪਾਰਕ ਸ਼ਹਿਰ ਹੋਣ ਕਾਰਨ ਅੰਮ੍ਰਿਤਸਰ ਵਿੱਚ ਬੰਗਲੌਰ, ਹੈਦਰਾਬਾਦ ਅਤੇ ਗੋਆ ਵਿੱਚ ਤਾਮੀਰ ਕੀਤੇ ਗਏ ਪ੍ਰਦਰਸ਼ਨੀ-ਸੰਮੇਲਨ ਕੇਂਦਰਾਂ ਦੀ ਤਰਜ਼ ‘ਤੇ ਮਿਆਰੀ ਐਗਜੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ ਸਥਾਪਿਤ ਕਰਨ ਦੀ ਲੋੜ ਹੈ, ਤਾਂ ਕਿ ਸ਼ਹਿਰ ਦੇ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਵਿਉਪਾਰਕ ਕਾਰੋਬਾਰ ਵਿੱਚ ਇਜ਼ਾਫਾ ਹੋ ਸਕੇ।
ਕੈਬਨਿਟ ਮੰਤਰੀ ਸ੍ਰੀਮਤੀ ਅਨਮੋਲ ਗਗਨ ਮਾਨ ਨੇ ਪ੍ਰਤੀਨਿਧ ਮੰਡਲ ਨੂੰ ਨਾਲ ਸੁਣਿਆ ਅਤੇ ਮੰਗ ਪੱਤਰ ਪ੍ਰਾਪਤ ਕਰਕੇ ਯਕੀਨ ਦਿਵਾਇਆ ਕਿ ਅੰਮ੍ਰਿਤਸਰ ਵਿਖੇ ਐਗਜੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …