Thursday, May 23, 2024

ਰਾਸ਼ਟਰੀ ਵੋਟਰ ਦਿਵਸ ਦੀ ਅਹਿਮੀਅਤ

ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਉਦੇਸ਼ ਨਾਲ 25 ਜਨਵਰੀ 1950 ਨੂੰ ਭਾਰਤੀ ਚੋਣ ਆਯੋਗ ਦੀ ਸਥਾਪਨਾ ਕੀਤੀ ਗਈ ਸੀ।ਭਾਰਤੀ ਸੰਵਿਧਾਨ ਵਿੱਚ ਧਾਰਾ 324 ਤੋਂ 329 ਤੱਕ ਚੋਣ ਆਯੋਗ ਦੀਆਂ ਸ਼ਕਤੀਆਂ ਅਤੇ ਕੰਮਾਂ ਬਾਰੇ ਵਿਵਸਥਾਵਾਂ ਕੀਤੀਆਂ ਗਈਆਂ ਹਨ।25 ਜਨਵਰੀ ਭਾਵ ਭਾਰਤੀ ਚੋਣ ਆਯੋਗ ਦੇ ਸਥਾਪਨਾ ਦਿਵਸ ਨੂੰ ਚਿਰਸਥਾਈ ਬਨਾਉਣ ਲਈ 25 ਜਨਵਰੀ 2011 ਤੋਂ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਮਨ੍ਹਾਉਣ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਸਾਲ 13ਵਾਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2023 ਨੂੰ ਮਨਾਇਆ ਜਾ ਰਿਹਾ ਹੈ।
ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਨਵੇਂ ਅਤੇ ਨੌਜਵਾਨ ਵੋਟਰਾਂ ਦੀ ਭਾਰਤੀ ਰਾਜਨੀਤਿਕ ਪ੍ਰਕਿਰਿਆਂ ਅਤੇ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਜਿੱਥੇ ਵਧਾਉਣਾ ਹੈ ਉੱਥੇ ਨਵੇਂ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਦਰਜ ਕਰਕੇ ਉਹਨਾਂ ਵਿਚ ਵੋਟ ਦੇ ਅਧਿਕਾਰ ਦੀ ਮਹੱਤਤਾ ਸਬੰਧੀ ਵੋਟਰ ਜਾਗਰੂਕਤਾ ਪੈਦਾ ਕਰਨਾ ਹੈ।ਇਸੇ ਕਰਕੇ ਰਾਸ਼ਟਰੀ ਵੋਟਰ ਦਿਵਸ ਮੌਕੇ ਪੂਰੇ ਰਾਸ਼ਟਰ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਲੈ ਕੇ ਸਮੁੱਚੇ ਰਾਜਾਂ ਅਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਵੋਟਰ ਦਿਵਸ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਜਿਥੇ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੋਟਰ ਕਾਰਡ ਵੰਡੇ ਜਾਂਦੇ ਹਨ, ਵੋਟਰ ਪ੍ਰਣ ਕਰਵਾਇਆ ਜਾਂਦਾ ਹੈ ਅਤੇ ਸਮੁੱਚੀ ਚੋਣ ਪ੍ਰਕਿਰਿਆ ਵਿੱਚੋਂ ਉ ੱਤਮ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ।ਜ਼ਿਕਰਯੋਗ ਹੈ ਕਿ ਰਾਸ਼ਟਰੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਅਵਾਰਡ ਦਿੱਤੇ ਜਾਂਦੇ ਹਨ।13ਵਾਂ ਰਾਸ਼ਟਰੀ ਵੋਟਰ ਦਿਵਸ “ਵੋਟਿੰਗ ਵਰਗਾ ਕੁੱਝ ਨਹੀਂ, ਮੈਂ ਪੱਕਾ ਵੋਟ ਕਰਦਾ ਹਾਂ” ਦੇ ਥੀਮ ਅਧੀਨ ਮਨਾਇਆ ਜਾ ਰਿਹਾ ਹੈ।ਜਿਸ ਅਨੁਸਾਰ ਭਾਰਤ ਦੇ 91 ਕਰੋੜ ਤੋ ਵੱਧ ਵੋਟਰ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦਾ ਪ੍ਰਣ ਕਰਨਗੇ।
ਅਸੀਂ ਭਾਰਤ ਦੇ ਲੋਕ ਵਡਭਾਗੇ ਹਾਂ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਆਜ਼ਾਦ ਫ਼ਿਜਾ ਵਿੱਚ ਜਿੱਥੇ ਰਹਿ ਰਹੇ ਹਾਂ ਉਥੇ ਸਾਡੇ ਕੋਲ ਵੋਟ ਦਾ ਅਧਿਕਾਰ ਹੋਣ ਕਾਰਨ ਸਾਨੂੰ ਆਪਣੀ ਇੱਛਾ ਅਨੁਸਾਰ ਆਪਣੀ ਸਰਕਾਰ ਬਨਾਉਣ ਦਾ ਅਧਿਕਾਰ ਪ੍ਰਾਪਤ ਹੈ।ਇਸ ਲਈ ਸਾਨੂੰ ਆਪਣੇ ਦੇਸ਼ ਅਤੇ ਭਾਰਤੀ ਸੰਵਿਧਾਨ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਹਰੇਕ ਨਾਗਰਿਕ ਜਿਸਦੀ ਉਮਰ 18 ਸਾਲ ਜਾਂ ਵੱਧ ਹੈ ਉਸਨੂੰ ਬਾਲਗ ਮੱਤ ਅਧਿਕਾਰ ਬਿਨ੍ਹਾਂ ਕਿਸੇ ਧਰਮ,ਜਾਤ,ਰੰਗ ਨਸਲ ਅਤੇ ਲਿੰਗ ਦੇ ਵਿਤਕਰੇ ਦੇ ਦਿੱਤਾ ਗਿਆ ਹੈ।ਇਹ ਭਾਰਤੀ ਲੋਕਤੰਤਰ ਦੀ ਖੂਬਸੂਰਤੀ ਹੈ।ਭਾਰਤੀ ਸੰਵਿਧਨ ਵਿਚ 61ਵੀਂ ਸੋਧ ਕਰਕੇ ਵੋਟ ਦੇ ਅਧਿਕਾਰ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਭਾਰਤੀ ਲੋਕਤੰਤਰ ਦਾ ਹਿੱਸਾ ਬਣਾਇਆ ਜਾ ਸਕੇ।
ਅੱਜ ਇਹ ਸੁਪਨਾ ਪੂਰਾ ਹੋ ਚੁੱਕਾ ਹੈ।ਭਾਰਤ ਦੀ ਕੁੱਲ 141 ਕਰੋੜ ਆਬਾਦੀ ਵਿਚ 91 ਕਰੋੜ ਤੋਂ ਵੱਧ ਵੋਟਰ ਹਨ।ਜਿਸ ਵਿਚ ਨੌਜਵਾਨ ਵੋਟਰਾਂ ਦੀ ਬਹੁਤਾਤ ਹੈ।ਭਾਰਤੀ ਲੋਕਤੰਤਰ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ 17 ਵਾਰ ਹੋ ਚੁੱਕੀਆਂ ਲੋਕ ਸਭਾ ਚੋਣਾਂ ਨੂੰ ਭਾਰਤੀ ਚੋਣ ਆਯੋਗ ਦੁਆਰਾ ਸੁਤੰਤਰ ਅਤੇ ਨਿਰਪੱਖ ਹੋ ਕੇ ਨੇਪੜੇ ਚਾੜ੍ਹਿਆ ਗਿਆ ਹੈ।17ਵੀਂ ਲੋਕ ਸਭਾ ਚੋਣਾਂ ਵਿੱਚ ਲਗਭਗ 10 ਲੱਖ ਦੇ ਕਰੀਬ ਪੋਲਿੰਗ ਬੂਥਾਂ ਦਾ ਪ੍ਰਬੰਧ ਅਤੇ ਸਮੁੱਚੇ ਰਾਸ਼ਟਰ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀ.ਵੀ ਪੈਟਜ਼ ਦੇ ਪ੍ਰਯੋਗ ਕਰਕੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਨੇਪੜੇ ਚੜਾਉਣਾ ਚੋਣ ਆਯੋਗ ਲਈ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦੇ ਬਰਾਬਰ ਸੀ।
ਹੁਣ 18ਵੀਂ ਲੋਕ ਸਭਾ ਚੋਣਾਂ 2024 ਨੂੰ ਨੇਪੜੇ ਚੜਾਉਣ ਲਈ ਚੋਣ ਆਯੋਗ ਪੱਬਾਂ ਭਾਰ ਹੋ ਗਿਆ ਹੈ।ਭਾਵੇਂ 17ਵੀਂ ਲੋਕ ਸਭਾ ਚੋਣਾਂ ਦੌਰਾਨ ਕੋਵਿਡ-19 ਦਾ ਫੈਲਾਓ ਆਪਣੀ ਚਰਮ ਸੀਮਾ ਤੇ ਸੀ।ਪਰ ਇਨ੍ਹਾਂ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਚੋਣ ਆਯੋਗ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।
ਆਓ! ਅਸੀਂ ਸਾਰੇ ਇੱਕ ਜਾਗਰੂਕ ਨਾਗਰਿਕ ਬਣੀਏ ਅਤੇ ਚੋਣ ਆਯੋਗ ਦੇ ਜਾਗਰੂਕਤਾ ਅਭਿਆਨ ਪ੍ਰੋਗਰਾਮ ਸਵੱੀਪ (ਪ੍ਰਣਾਲੀਗਤ ਵੋਟਰ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ) ਦਾ ਹਿੱਸਾ ਬਣੀਏ।ਇਸੇ ਤਰ੍ਹਾਂ ਰਾਸ਼ਟਰੀ ਵੋਟਰ ਇਸ ਦੇ ਨਾਅਰੇ “ ਕੋਈ ਵੀ ਵੋਟਰ ਰਹਿ ਨਾ ਜਾਵੇ ” ਨੂੰ ਵਿਵਹਾਰਿਕ ਬਣਾਈਏ।ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਵਿਚ ਸਾਮਿਲ ਅੱਠਵੇਂ ਮੌਲਿਕ ਕਰਤੱਵ ਅਨੁਸਾਰ ਸਾਨੂੰ ਭਾਰਤੀ ਨਾਗਰਿਕਾਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ, ਮਾਨਵਵਾਦ, ਜਾਂਚ ਕਰਨ ਅਤੇ ਸੁਧਾਰਵਾਦੀ ਭਾਵਨਾ ਵਿਕਸਿਤ ਕਰਨੀ ਚਾਹੀਦੀ ਹੈ ਅਤੇ ਇਸ ਲਈ ਸਾਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਬਿਨਾਂ ਕਿਸੇ ਲਾਲਚ, ਭੈ, ਜਾਤ, ਧਰਮ, ਰੰਗ, ਨਸਲ ਤੇ ਲਿੰਗ ਆਦਿ ਜਿਹੀਆਂ ਰੂੜੀਵਾਦੀ ਧਾਰਨਾਵਾਂ ਨੂੰ ਤਿਆਗ ਕੇ ਇੱਕ ਸੁਚੇਤ ਨਾਗਰਿਕ ਬਣ ਕੇ ਕਰਨੀ ਚਾਹੀਦੀ ਹੈ। ਕਿਉਂਕਿ ਵੋਟ ਪਾਉਣਾ ਕੇਵਲ ਸਾਡਾ ਅਧਿਕਾਰ ਹੀ ਨਹੀਂ ਹੈ ਇੱਕ ਜ਼ਿੰਮੇਵਾਰੀ ਵੀ ਹੈ।
ਅੰਤ ਵਿੱਚ ਜਿੰਨ੍ਹੀ ਅਸੀਂ ਸਾਵਧਾਨੀ ਨਾਲ ਬਾਜ਼ਾਰ ਵਿਚੋਂ ਕੋਈ ਵਸਤੂ ਖ੍ਰੀਦਦੇ ਹਾਂ ਓਨੀਂ ਹੀ ਸਾਵਧਾਨੀ ਨਾਲ ਦੇਸ਼ ਦੇ ਨੀਤੀ ਘਾੜਿਆ ਅਤੇ ਪ੍ਰਤੀਨਿਧਾਂ ਦੀ ਵੀ ਚੋਣ ਕਰਨੀ ਸ਼ੁਰੂ ਕਰ ਦਈਏ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਭਾਰਤੀ ਸੰਵਿਧਾਨਕ ਨਿਰਮਾਤਾਵਾਂ ਦੁਆਰਾ ਲਿਆ ਗਿਆ ਸੁਪਨਾ ‘ਮਜ਼ਬੂਤ ਲੋਕਤੰਤਰ ਵਿਕਸਿਤ ਭਾਰਤ’ ਸਾਰਥਿਕ ਹੋ ਜਾਵੇਗਾ ਅਤੇ ਭਾਰਤ ਦੁਨੀਆਂ ਦੇ ਨਕਸ਼ੇ ‘ਤੇ ਧਰੁੱਵ ਤਾਰੇ ਵਾਗੂੰ ਚਮਕੇਗਾ। 0502202302
ਜੈ ਹਿੰਦ।


ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ)
(ਮੈਂਬਰ ਸਵੀਪ ਟੀਮ, ਗੁਰਦਾਸਪੁਰ)
ਗਰੇਟਰ ਕੈਲਾਸ਼ ਬਟਾਲਾ।
ਮੋ – 9781535440

Check Also

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ …