ਅਟਾਰੀ ਪਿੰਡ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ, 177ਵੇਂ ਸ਼ਹੀਦੀ ਦਿਵਸ ਮੌਕੇ ਹੋਇਆ ਰਾਜ ਪੱਧਰੀ ਸਮਾਗਮ
ਅੰਮ੍ਰਿਤਸਰ 10 ਫਰਵਰੀ (ਸੁਖਬੀਰ ਸਿੰਘ) – ਰਾਜ ਸਰਕਾਰ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 177ਵਾਂ ਸ਼ਹੀਦੀ ਦਿਹਾੜਾ ਅੱਜ
ਅਟਾਰੀ ਸਮਾਧ ’ਤੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਅਤੇ ਜਸਵਿੰਦਰ ਸਿੰਘ ਰਮਦਾਸ ਹਲਕਾ ਵਿਧਾਇਕ ਅਟਾਰੀ ਸ਼ਾਮਲ ਹੋਏ।ਅਟਾਰੀ ਵਿਖੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ ਹਰਪ੍ਰੀਤ ਸਿੰਘ, ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਤਸਵੀਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਐਲਾਨ ਕੀਤਾ ਕਿ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ ਪਿੰਡ ਅਟਾਰੀ ਨੂੰ ਪੰਜਾਬ ਦਾ ਪਹਿਲਾ ਸਮਾਰਟ ਪਿੰਡ ਬਣਾਇਆ ਜਾਵੇਗਾ। ਉਨਾਂ ਆਪਣੇ ਅਖਤਿਆਰੀ ਫੰਡਜ਼ ਵਿਚੋ ਪਿੰਡ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਦੀ ਸ਼ਹਾਦਤ ਆਉਣ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਰਹੇਗੀ।ਸ਼ਹੀਦ ਇਕ ਪਰਿਵਾਰ ਨਾਲ ਸਬੰਧਤ ਨਹੀਂ ਹੁੰਦੇ ਉਹ ਕੌਮ ਦਾ ਸਰਮਾਇਆ ਹੁੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿਚ ਜਿਸ ਬਹਾਦਰੀ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ, ਉਹ ਆਪਣੇ ਆਪ ਵਿੱਚ ਮਿਸਾਲ ਹੈ।
ਅਟਾਰੀ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅਣਖ ਦੀ ਖਾਤਿਰ ਸ਼ਹਾਦਤ ਦਿੱਤੀ, ਜਿਸ ਦੀ ਪ੍ਰਸੰਸਾ ਅੰਗਰੇਜ਼ਾਂ ਨੇ ਵੀ ਕੀਤੀ।ਉਨਾਂ ਕਿਹਾ ਕਿ ਅਟਾਰੀ ਪਿੰਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਤਾਂ ਜੋ ਰੀਟਰੀਟ ਦੇਖਣ ਆਉਣ ਵਾਲੇ ਯਾਤਰੂ ਅਟਾਰੀਵਾਲਾ ਦੀ ਸਮਾਧ ‘ਤੇ ਆਉਣ ਅਤੇ ਆਪਣੇ ਬੱਚਿਆਂ ਨੂੰ ਉਨਾਂ ਦੀ ਸ਼ਹਾਦਤ ਬਾਰੇ ਦੱਸਣ।ਇਸੇ ਦੌਰਾਨ ਢਾਡੀ ਜੱਥਿਆਂ ਵੱਲੋਂ ਸ਼ਹੀਦ ਦੀ ਯਾਦ ਵਿੱਚ ਵਾਰਾਂ ਵੀ ਗਾਈਆਂ।
ਅਟਾਰੀ ਸਮਾਧ ਵਿਖੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਧਾਰਮਿਕ ਦੀਵਾਨ ਸਜਾਏ ਗਏ। ਕੀਰਤਨੀ ਸਿੰਘਾਂ ਨੇ ਗੁਰੂ ਜੱਸ ਗਾਇਨ ਕੀਤਾ ਅਤੇ ਢਾਡੀ ਜਥਿਆਂ ਨੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਗਤਾਂ ਨਾਲ ਸਾਂਝਾ ਕੀਤਾ।ਧਾਲੀਵਾਲ ਨੇ ਉਥੇ ਸਥਿਤ ਅਜਾਇਬ ਘਰ ਦਾ ਦੌਰਾ ਕੀਤਾ।ਉਨ੍ਹਾਂ ਸ਼ਾਮ ਸਿੰਘ ਅਟਾਰੀਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਹਰ ਸਾਲ ਇਸ ਦਿਹਾੜੇ ਨੂੰ ਰਾਜ ਪੱਧਰੀ ਤੌਰ ‘ਤੇ ਮਨਾਵੇਗੀ।ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੇ 18 ਸਾਲ ਦੀ ਉਮਰ ਵਿੱਚ ਯੁੱਧਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਵੀ ਸਿੱਟਿਆ ਦੇ ਅੰਜਾਮ ਦੀ ਪ੍ਰਵਾਹ ਕੀਤੇ ਬਿਨਾਂ ਖੁਦ ਆਖਰੀ ਹਮਲੇ ਦੀ ਅਗਵਾਈ ਕੀਤੀ ਅਤੇ ਆਖਰੀ ਸਾਹ ਤੱਕ ਲੜਦੇ ਰਹੇ।
ਇਸ ਮੌਕੇ ਅਟਾਰੀ ਵਾਲਾ ਪਰਿਵਾਰ ਦੇ ਮੈਂਬਰ ਬਰਿੰਦਰ ਸਿੰਘ, ਜਨਰਲ ਸਕੱਤਰ ਹਰਪੀ੍ਰਤ ਸਿੰਘ ਸਿੱਧੂ, ਬੀਬਾ ਅਮਿਤੇਸ਼ਵਰ ਕੌਰ, ਬੀਬਾ ਜਸਪ੍ਰੀਤ ਕੌਰ, ਬੀਬਾ ਸੰਦੀਪ ਕੌਰ, ਦਿਨੇਸ਼ ਸਿੰਘ ਸਿੱਧੂ, ਆਪ ਨੇਤਾ ਸਤਪਾਲ ਸੋਖੀ ਅਤੇ ਸਟੇਜ਼ ਸਕੱਤਰ ਇੰਦਰਜੀਤ ਸਿੰਘ ਕਾਹਲੋਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।
Punjab Post Daily Online Newspaper & Print Media