ਗੁਰੂ ਨਾਨਕ ਦੇਵ ਡੈਂਟਲ ਕਾਲਜ ਦੀ ਕਨਵੋਕੇਸ਼ਨ ‘ਚ 250 ਵਿਦਿਆਰਥੀਆਂ ਵੰਡੇ ਇਨਾਮ ਤੇ ਡਿਗਰੀਆਂ
ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਆਯੋਜਿਤ ਕਨਵੋਕੇਸ਼ਨ ਅਤੇ ਸਿਲਵਰ ਜੁਬਲੀ ਸਮਾਰੋਹ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਡਾ. ਗੁਰਪ੍ਰੀਤ ਕੌਰ ਧਰਮ ਪਤਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਪ੍ਰਧਾਨ ਡੈਂਟਲ ਕੌਂਸਲ ਆਫ ਇੰਡੀਆ ਡਾ. ਦਿਬਯੇਂਦੂ ਮਜ਼ੂਦਾਰ ਨੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਮੇਤ ਕੁੱਲ 250 ਵਿਦਿਆਰਥੀਆਂ ਨੂੰ ਇਨਾਮ ਅਤੇ ਡਿਗਰੀਆਂ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਸਿਹਤ ਮੰਤਰੀ ਨੇ ਵਿਦਿਆਰਥੀਆਂ ਨੂੰ ਡਾਕਟਰ ਵਜੋਂ ਹਮੇਸ਼ਾਂ ਸਮਰਪਣ ਭਾਵਨਾ, ਮਰੀਜ਼ਾਂ ਨਾਲ ਪਿਆਰ ਤੇ ਸਤਿਕਾਰ ਨਾਲ ਬੋਲਣ, ਵਿਸ਼ੇ ਬਾਰੇ ਡੂੰਘੀ ਜਾਣਕਾਰੀ ਰੱਖਣ, ਉਪਲੱਬਧਤਾ ਅਤੇ ਲੋਕ ਸੇਵਾ ਲਈ ਸਮਰਪਿਤ ਰਹਿਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਵਲੋਂ ਹਰੇਕ ਕਮਿਊਨਿਟੀ ਸਿਹਤ ਕੇਂਦਰ ਵਿੱਚ 8 ਰੋਗਾਂ ਦੇ ਸਰਜਨਾਂ ਦੀ ਤਾਇਨਾਤੀ ਕਰਨ ਦੀ ਦਿਸ਼ਾ ਵੱਲ ਠੋਸ ਕਦਮ ਪੁੱਟੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਸਰਜਨ ਵੀ ਸ਼ਾਮਲ ਹੋਵੇਗਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਸਥਾਪਨਾ ਦੇ 25 ਵਰ੍ਹਿਆਂ ਵਿੱਚ ਅਨੇਕਾਂ ਚੁਣੌਤੀਆਂ ਆਈਆਂ, ਪਰ ਯੋਜਨਾਬੱਧ ਢੰਗ ਤੇ ਮਿਲਵਰਤਨ ਨਾਲ ਕੰਮ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਨੂੰ ਉਨ੍ਹਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਜੂਨ 1996 ਵਿਚ ਡਾ. ਵਿਕਰਮ ਸ਼ਰਮਾ ਅਤੇ ਅਸ਼ੋਕ ਕੁਮਾਰ ਬਾਂਸਲ ਨਾਲ ਮਿਲ ਕੇ ਆਰੰਭਿਆ ਸੀ।
ਉਨ੍ਹਾਂ ਕਿਹਾ ਕਿ ਕਾਲਜ ਦੀ ਸ਼ੁਰੂਆਤ ਬੈਚਲਰ ਆਫ ਡੈਂਟਲ ਸਰਜਰੀ ਕੋਰਸ ਨਾਲ ਹੋਈ ਅਤੇ ਉਦੋਂ ਤੋਂ ਹੁਣ ਤੱਕ ਇਹ ਬੀ.ਡੀ.ਐਸ ਅਤੇ ਐਮ.ਡੀ.ਐਸ ਕੋਰਸਾਂ ਵਿੱਚ 17 ਸੀਟਾਂ ਦੇ ਮੀਲ ਪੱਥਰ ਤੱਕ ਪਹੁੰਚ ਗਿਆ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਗਈ ਸੀ, ਜੋ ਵਿਦਿਆਰਥੀਆਂ ਨੂੰ ਏ.ਐਨ.ਐਮ ਅਤੇ ਜੀ.ਐਨ.ਐਮ ਕੋਰਸ ਪ੍ਰਦਾਨ ਕਰਦੀ ਹੈ।ਸਮਾਗਮ ਦੌਰਾਨ ਸੋਵੀਨਰ ਰਲੀਜ਼ ਕਰਨ ਦੀ ਰਸਮ ਤੋਂ ਬਾਅਦ ਕਾਲਜ ਪ੍ਰਬੰਧਕਾਂ ਦੀ ਤਰਫੋਂ ਵੱਖ-ਵੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜ਼ਿਆ ਗਿਆ।
ਸਮਾਰੋਹ ਵਿੱਚ ਬੀਬੀ ਪਰਮੇਸ਼ਵਰੀ ਦੇਵੀ ਪਤਨੀ ਸਵ. ਭਗਵਾਨ ਦਾਸ ਅਰੋੜਾ, ਸ਼੍ਰੀਮਤੀ ਰਾਧਿਕਾ ਅਰੋੜਾ ਚੇਅਰਪਰਸਨ, ਐਡਵੋਕੇਟ ਅਸ਼ੋਕ ਬਾਂਸਲ ਡਾਇਰੈਕਟਰ, ਡਾ, ਅਸ਼ਵਰਿਆ ਸ਼ਰਮਾ ਡਾਇਰੈਕਟਰ, ਸ੍ਰੀਮਤੀ ਸੁਧਾ ਸ਼ਰਮਾ, ਸ੍ਰੀਮਤੀ ਸ਼ਬੀਨਾ ਅਰੋੜਾ, ਡਾ. ਈਸਾਨ ਸ਼ਰਮਾ, ਡਾ. ਪਾਰੁਲ ਬਾਂਸਲ, ਅਖਿਲ ਬਾਂਸਲ ਅਤੇ ਪ੍ਰਣਵ ਅਰੋੜਾ ਹਾਜ਼ਰ ਸਨ।ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਜੈਨ ਅਤੇ ਵਾਇਸ ਪ੍ਰਿੰਸੀਪਲ ਡਾ. ਵਰਿੰਦਰ ਗੋਇਲ ਨੇ ਕਾਲਜ ਦੇ ਸਾਬਕਾ ਪ੍ਰਿੰਸੀਪਲਾਂ ਅਤੇ ਨਾਮਵਰ ਸਾਬਕਾ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ।ਕਨਵੋਕੇਸ਼ਨ ਸਮਾਰੋਹ ਤੋਂ ਬਾਅਦ 1997 ਅਤੇ 2023 ਦੇ ਦੇ ਸਾਬਕਾ ਕਾਲਜ ਗਰੈਜੂਏਟਾਂ ਨੇ ਅਲੂਮਨੀ ਮੀਟ ਦਾ ਜਸ਼ਨ ਮਨਾਇਆ।