ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ‘ਡਿਜੀਟਲ ਧੋਖਾਧੜੀ : ਸੁਰੱਖਿਅਤ ਬੈਂਕਿੰਗ ਸਿਖਲਾਈ ਪ੍ਰਤੀ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਸੈਮੀਨਾਰ ’ਚ ਐਚ.ਡੀ.ਐਫ.ਸੀ ਬੈਂਕ ਲਿਮਟਿਡ ਤੋਂ ਸੀਨੀਅਰ ਮੀਤ ਪ੍ਰਧਾਨ ੀ ਅਮਿਤ ਗਗਨੇਜਾ, ਮੀਤ ਪ੍ਰਧਾਨ ਮਧੁਰ ਸਿੰਘ ਅਰੋੜਾ ਅਤੇ ਵਿਜੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਸੈਮੀਨਾਰ ’ਚ 100 ਤੋਂ ਵਧੇਰੇ ਫੈਕਲਟੀ ਮੈਂਬਰਾਂ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਹ ਪ੍ਰੋਗਰਾਮ ਪ੍ਰਿੰ: ਡਾ. ਮਹਿਲ ਸਿੰਘ ਅਤੇ ਹੈੱਡ ਅਤੇ ਡੀਨ ਡਾ. ਏ. ਕੇ. ਕਾਹਲੋਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿਨ੍ਹਾਂ ਨੇ ਸਰੋਤ ਵਿਅਕਤੀਆਂ ਦਾ ਸਵਾਗਤ ਕੀਤਾ।ਇਸ ਦੌਰਾਨ ਪਿ੍ਰੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ’ਚ ‘ਸੁਰੱਖਿਅਤ ਬੈਂਕਿੰਗ’ ਅਭਿਆਸਾਂ ਦਾ ਗਿਆਨ ਹੋਣਾ ਬਹੁਤ ਮਹੱਤਵਪੂਰਨ ਅਤੇ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਰਾਸ਼ੀ ਦੇ ਲੈਣ ਦੇਣ ਬਾਰੇ ਪੂਰੀ ਤਰ੍ਹਾਂ ਨਾਲ ਜਾਣਕਾਰੀ ਨਾ ਹੋਣ ਕਾਰਨ ਸਾਈਬਰ ਕ੍ਰਾਈਮ ਵੱਧ ਰਿਹਾ ਹੈ, ਜਿਸ ਕਾਰਨ ਆਮ ਤੋਂ ਖਾਸ ਹਰੇਕ ਪ੍ਰਕਾਰ ਦੇ ਵਿਅਕਤੀ ਦੇ ਨਾਲ ਧੋਖਾਧੜ੍ਹੀ ਹੋਣ ਕਾਰਨ ਪੁਲਿਸ ਕੇਸਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਵੱਖ-ਵੱਖ ਵਿੱਤੀ ਧੋਖਾਧੜੀਆਂ ਬਾਰੇ ਸਿੱਖਣ ਅਤੇ ਸੁਰੱਖਿਆ ਸੁਝਾਵਾਂ ਨੂੰ ਸਮਝਣ ’ਚ ਸਹਾਇਤਾ ਪ੍ਰਦਾਨ ਕਰਨਾ ਸੀ, ਜੋ ਉਨ੍ਹਾਂ ਨੂੰ ਧੋਖਾਧੜੀ ਤੋਂ ਬਚਾਉਣ ’ਚ ਸਹਾਇਤਾ ਕਰਨਗੇ।
ਕੋਆਰਡੀਨੇਟਰ ਡਾ. ਸਵਰਾਜ ਕੌਰ ਨੇ ਵਿਸ਼ੇਸ਼ ਮਹਿਮਾਨਾਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਵਿੱਤੀ ਲੈਣ-ਦੇਣ ਕਰਨ ਲਈ ਬਹੁਤ ਸਾਰੇ ਆਨਲਾਈਨ ਦੇ ਨਵੇਂ ਤਰੀਕੇ ਹਨ ਅਤੇ ਇਸ ਲਈ ਧੋਖਾਧੜੀ ਵੀ ਹੋ ਸਕਦੀ ਹੈ। ਇਸ ਲਈ ਅਜੋਕੇ ਕੰਪਿਊਟਰੀ ਯੁੱਗ ’ਚ ਆਨਲਾਈਨ ਪੈਸਿਆਂ ਦੇ ਲੈਣ-ਦੇਣ ਜਾਂ ਫ਼ਿਰ ਕਿਸੇ ਪ੍ਰਕਾਰ ਦੀ ਸੂਚਨਾ ਸਬੰਧੀ ਭੇਜਣ ਅਤੇ ਮੰਗਵਾਉਣ ਸਬੰਧੀ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਗਗਨੇਜਾ ਨੇ ਭਾਗੀਦਾਰਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਉਹ ਆਪਣੇ ਫੋਨ, ਡਿਵਾਈਸ ’ਤੇ ਕਿਸੇ ਵੀ ਤਰ੍ਹਾਂ ਦੀ ਅਨਜਾਣ ਐਪ ਨੂੰ ਡਾਊਨਲੋਡ ਨਾ ਕਰਨ, ਕਿਉਂਕਿ ਇਹ ਐਪ ਤੁਹਾਡੇ ਗੁਪਤ ਡੇਟਾ ਨੂੰ ਗੁਪਤ ਢੰਗ ਨਾਲ ਹੈਂਕਰ ਤੱਕ ਪਹੁੰਚਾ ਸਕਦੀ ਹੈ।ਉਨ੍ਹਾਂ ਨੇ ਭਾਗੀਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਨਲਾਈਨ ਲੈਣ-ਦੇਣ ਕਰਦੇ ਸਮੇਂ ਚੌਕਸ ਰਹਿਣ ਅਤੇ ਆਪਣਾ ਓ.ਟੀ.ਪੀ ਕਿਸੇ ਨੂੰ ਵੀ ਸਾਂਝਾ ਨਾ ਕਰਨ।
ਅਰੋੜਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਬੈਂਕਿੰਗ ਇਕ ਸਹਿਜ ਡਿਜੀਟਲ ਅਨੁਭਵ ’ਚ ਤਬਦੀਲ ਹੋ ਗਈ ਹੈ ਅਤੇ ਬੈਂਕਾਂ ਦੀ ਪਹੁੰਚ ਤੁਹਾਡੀ ਉਂਗਲੀ ’ਤੇ ਉਪਲਬਧ ਹੈ ਅਤੇ ਡਿਜੀਟਲ ਬੈਂਕਿੰਗ ਦੇ ਇਸ ਪਰਿਵਰਤਨ ਅਤੇ ਵਿਸਤਾਰ ਨਾਲ ਸਾਈਬਰ ਸੁਰੱਖਿਆ ਇਕ ਖੇਤਰ ਵਜੋਂ ਉਭਰਿਆ ਹੈ।
ਵਿਜੇ ਨੇ ਡਿਜੀਟਲ ਧੋਖਾਧੜੀ ਤੋਂ ਖ਼ੁਦ ਨੂੰ ਬਚਾਉਣ ਅਤੇ ਸੁਰੱਖਿਅਤ ਲੈਣ-ਦੇਣ ਕਰਨ ਲਈ ਸਮਾਰਟ, ਵੈਰੀਫਾਈਡ ਐਪਸ ਦੀ ਵਰਤੋਂ ਕਰਨਾ, ਬ੍ਰਾਊਜ਼ ਕਰਨਾ, ਸਿਰਫ਼ ਸੁਰੱਖਿਅਤ ਅਤੇ ਅਧਿਕਾਰਤ ਵੈੱਬਸਾਈਟਾਂ, ਸੁਰੱਖਿਅਤ ਇੰਟਰਨੈਟ ਕੁਨੈਕਸ਼ਨਾਂ ਦੀ ਵਰਤੋਂ ਕਰਨਾ, ਕਾਰਡ ਦੀ ਵਰਤੋਂ ਕਰਦੇ ਸਮੇਂ ਚੌਕਸ ਰਹਿਣਾ ਅਤੇ ਆਪਣੇ ਕੰਪਿਊਟਰ ਅਤੇ ਮੋਬਾਈਲ ਸੁਰੱਖਿਆ ਨੂੰ ਅੱਪਡੇਟ ਕਰਨਾ ਆਦਿ ਸਬੰਧੀ ਮਹੱਤਵਪੂਰਨ ਸੁਝਾਅ ਦਿੱਤੇ।
ਇਸ ਮੌਕੇ ਉਨ੍ਹਾਂ ਸਮੂਹ ਭਾਗੀਦਾਰਾਂ ਨੂੰ ਸਾਈਬਰ ਧੋਖਾਧੜੀ ਦਾ ਸਾਹਮਣਾ ਕਰਨ ਦੀ ਸੂਰਤ ’ਚ ਤੁਰੰਤ ਹੈਲਪਲਾਈਨ ਨੰਬਰ 1930 ’ਤੇ ਰਿਪੋਰਟ ਕਰਨ ਲਈ ਕਿਹਾ।ਡਾ. ਮੇਘਾ ਨੇ ਸਟੇਜ ਦੀ ਭੂਮਿਕਾ ਨਿਭਾਉਂਦਿਆਂ ਧੰਨਵਾਦ ਮਤਾ ਪੇਸ਼ ਕੀਤਾ ਅਤੇ ਸਮਾਗਮ ਦੇ ਪ੍ਰਸਾਰਣ ਦੀ ਪ੍ਰੋ: ਮੀਨੂੰ ਚੋਪੜਾ ਨੇ ਜ਼ਿੰਮੇਵਾਰੀ ਸੰਭਾਲੀ।
ਇਸ ਮੌਕੇ ਡਾ: ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ: ਅਜੈ ਸਹਿਗਲ, ਡਾ. ਰਛਪਾਲ ਸਿੰਘ, ਡਾ. ਨਿਧੀ, ਪ੍ਰੋ. ਪੂਜਾ ਪੁਰੀ, ਡਾ. ਸਾਮੀਆ, ਡਾ. ਅਮਰਬੀਰ ਸਿੰਘ, ਪ੍ਰੋ. ਤੁਸ਼ਾਰ ਅਤੇ ਕਾਮਰਸ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।