Saturday, March 15, 2025
Breaking News

ਯੂਨੀਵਰਸਿਟੀ ਦਾ ਦੌਰਾ ਕਰਨ `ਤੇ ਵਿਦਿਆਰਥੀਆਂ `ਚ ਪੈਦਾ ਹੋ ਰਹੀ ਹੈ ਉਚੇਰੀ ਸਿਖਿਆ ਪ੍ਰਤੀ ਚਿਣਗ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਤੋਂ ਲੈ ਕੇ ਪਲੱਸ ਟੂ ਤਕ ਦੇ ਵਿਦਿਆਰਥੀਆਂ ਵਿਚ ਉਚੇਰੀ ਸਿਖਿਆ ਦੇ ਲਈ ਕਾਲਜਾਂ ਅਤੇ ਯੂਨੀਵਰਸਿਟੀ ਵਿਚ ਹੁਣ ਤੋਂ ਹੀ ਪੜ੍ਹਨ ਦਾ ਮਨ ਪੈਦਾ ਕਰਨ ਲਈ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਦੀਆਂ ਹਦਾਇਤਾਂ `ਤੇ ਵਿਦਿਆਰਥੀਆਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕਰਵਾਉਣ ਦਾ ਸਿਲਸਿਲਾ ਜਾਰੀ ਹੈ।ਹੁਣ ਤੱਕ ਇਕ ਦਰਜਨ ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ ਅਤੇ ਉਨ੍ਹਾਂ ਵੱਲੋਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਰਸਾਂ, ਇਤਿਹਾਸ, ਵੱਖ-ਵੱਖ ਵਿਭਾਗਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਉਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜਾਂ ਵਿਚ ਕਿਹੜੀ ਕਿਹੜੀ ਪੜ੍ਹਾਈ ਕਰ ਸਕਦੇ ਹਨ।
ਉਨ੍ਹਾਂ ਨੂੰ ਭਾਈ ਗੁਰਦਾਸ ਲਾਇਬ੍ਰੇਰੀ, ਮਾਤਾ ਕੌਲਾਂ ਬੋਟੈਨੀਕਲ ਗਾਰਡਨ, ਪਲੇਸਮੈਂਟ ਵਿਭਾਗ, ਗੋਲਡਨ ਜੁਬਲੀ ਇੰਟਰਪਰਿਨਿਊਰ ਐਂਡ ਇਨੋਵੇਸ਼ਨ ਸੈਂਟਰ ਵਿਚ ਲਿਜਾ ਕੇ ਦੱਸਿਆ ਗਿਆ ਕਿ ਕਿਵੇਂ ਆਪਣੇ ਵਿਦਿਆਰਥੀ ਆਪਣਾ ਭਵਿੱਖ ਸਵਾਰਨ ਦੇ ਲਈ ਪੜ੍ਹਾਈ ਕਰ ਰਹੇ ਹਨ।ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ ਅੰਮ੍ਰਿਤਸਰ ਦੇ ਵਿਦਿਆਰਥੀ, ਅਧਿਆਪਕ ਨਵਤੇਜ ਸਿੰਘ, ਇੰਦਰਜੀਤ ਸਿੰਘ, ਮਨਦੀਪ ਕੌਰ ਅਤੇ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੁੱਜੇ ਅਤੇ ਉਨ੍ਹਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ।
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਜਿਥੇ ਖੁਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਅਤੇ ਕੋਰਸਾਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਾਪਤ ਹੋਈ ਹੈ ਉਥੇ ਵਿਦਿਆਰਥੀ ਜਿਥੇ ਖੁਦ ਆਪਣੇ ਆਪ ਨੂੰ ਉਚ ਸਿਖਿਆ ਪ੍ਰਾਪਤ ਕਰਨ ਦੇ ਲਈ ਤਿਆਰ ਕਰਨਗੇ ਉਥੇ ਹੋਰ ਵਿਦਿਆਰਥੀਆਂ ਦੇ ਵਿਚ ਜਾ ਕੇ ਵੀ ਯੂਨੀਵਰਸਿਟੀ ਦੇ ਤਜ਼ਰਬੇ ਸਾਂਝੇ ਕਰਨਗੇ। ਅਧਿਆਪਕ ਨਵਤੇਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਦੇ ਨਾਲ ਵਿਦਿਆਰਥੀਆਂ ਦੇ ਵਿਚ ਜਿਥੇ ਛੋਟੀਆਂ ਕਲਾਸਾਂ ਵਿਚ ਹੀ ਉਚ ਸਿਖਿਆ ਪ੍ਰਾਪਤ ਕਰਨ ਦੀ ਚਿਣਗ ਪੈਦਾ ਹੋ ਜਾਵੇਗੀ ਉਥੇ ਉਨ੍ਹਾਂ ਨੂੰ ਇਹ ਵੀ ਸੋਝੀ ਆਵੇਗੀ ਕਿ ਉਨ੍ਹਾਂ ਨੇ ਆਪਣਾ ਕੈਰੀਅਰ ਬਣਾਉਣ ਦੇ ਲਈ ਮਿਹਨਤ ਨਾਲ ਪੜ੍ਹਾਈ ਕਰਨੀ ਹੈ ਅਤੇ ਯੂਨੀਵਰਸਿਟੀ ਅਤੇ ਕਾਲਜਾਂ ਚੋਂ ਪੜ੍ਹ ਕੇ ਦੇਸ਼ ਦੇ ਵੱਡੇ ਅਹੁਦਿਆਂ ਅਤੇ ਵਿਦੇਸਾਂ ਵਿਚ ਜਿਵੇਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ ਉਵੇਂ ਉਨ੍ਹਾਂ ਨੇ ਵੀ ਕੱਲ ਨੂੰ ਇਥੋਂ ਹੀ ਪੜ੍ਹ ਕੇ ਦੇਸ਼, ਪਰਿਵਾਰ ਅਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਚੁੱਕਣੀਆਂ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …