Sunday, December 22, 2024

ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ

ਸਭਿਆਚਾਰਾਂ ਦੇ ਅੰਸ਼ਾਂ ਨੂੰ ਪੀੜ੍ਹੀਆਂ ਤੱਕ ਸੁਰੱਖਿਅਤ ਰੱਖਣ ਲਈ ਆਧੁਨਿਕ ਤਕਨਾਲੋਜੀ ਜਰੂਰੀ- ਡਾ. ਹਰਦੀਪ ਸਿੰਘ
ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ `ਪੰਜਾਬੀ ਸਭਿਆਚਾਰ ਦੀਆਂ ਅੰਤਰ ਤੈਹਾਂ` ਵਿਸ਼ੇ `ਤੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਯਾਦਗਾਰੀ ਭਾਸ਼ਣ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਤੋਂ ਡਾ. ਸੁਰਜੀਤ ਸਿੰਘ ਨੇ ਮੁੱਖ ਵਕਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਨੋਡਲ ਅਫ਼ਸਰ ਡਾ. ਹਰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਨੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਖਹਿਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਵਿਦਵਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਭਾਸ਼ਾ ਤੇ ਸਭਿਆਚਾਰ ਅੰਤਰ-ਸਬੰਧਤ ਵਰਤਾਰੇ ਹਨ।ਸਭਿਆਚਾਰ ਵਿਚ ਸਾਕਾਰਾਤਮਕ ਤੇ ਨਾਕਾਰਾਤਮਕ ਦੋਵੇਂ ਪੱਖ ਸ਼ਾਮਲ ਹੁੰਦੇ ਹਨ।ਇਸ ਦੇ ਵਿਸ਼ਲੇਸ਼ਣ ਲਈ ਆਲੋਚਨਾਤਮਕ ਰਵੱਈਆ ਹੋਣਾ ਜਰੂਰੀ ਹੈ।ਸਭਿਆਚਾਰ ਵਿਚ ਵਿਕਾਸ ਦੇ ਨਾਲ-ਨਾਲ ਵਿਭਿੰਨ ਸੰਭਾਵਨਾਵਾਂ ਸ਼ਾਮਲ ਹੁੰਦੀਆਂ ਹਨ।ਉਪਰੰਤ ਡਾ. ਹਰਦੀਪ ਸਿੰਘ ਨੇ ਕਿਹਾ ਕਿ ਸਭਿਆਚਾਰ ਇਕ ਗੁੰਝਲਦਾਰ ਵਰਤਾਰਾ ਹੈ।ਸਭਿਆਚਾਰ ਵਿਚ ਇਕੋ ਵੇਲੇ ਭੌਤਿਕ ਅਤੇ ਭਾਵਨਾਤਮਕ ਵਰਤਾਰੇ ਕਾਰਜਸ਼ੀਲ ਰਹਿੰਦੇ ਹਨ।ਸਭਿਆਚਾਰ ਇਕ ਪਰਿਵਰਤਨਸ਼ੀਲ ਵਰਤਾਰਾ ਹੈ ਅਤੇ ਸਭਿਆਚਾਰ ਇਸ ਲਈ ਪੁਰਾਣਾ ਸਭਿਆਚਾਰ ਦੇ ਅੰਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਿਖਅਤ ਕਰਨ ਹਿਤ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਲਈ ਜਾਣੀ ਚਾਹੀਦੀ ਹੈ।
ਡਾ. ਸੁਰਜੀਤ ਸਿੰਘ ਨੇ ਆਪਣੇ ਭਾਸ਼ਣ ਵਿਚ ਸਭਿਆਚਾਰ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਕਿ ਸਭਿਆਚਾਰ ਮਨੁੱਖ ਦੇ ਕੁਦਰਤ ਨਾਲ ਸੰਘਰਸ਼ ਦੀ ਉਪਜ ਹੈ।ਸਭਿਆਚਾਰ ਦੀ ਸਮਝ ਲਈ ਉਨ੍ਹਾਂ ਨੇ ਸਹਿਹੋਂਦ ਤੇ ਆਲੋਚਨਾਤਮਕ ਦ੍ਰਿਸ਼ਟੀ ਦਾ ਮਾਡਲ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਇਕ ਸਭਿਆਚਾਰ ਦਾ ਦੂਜੇ ਸਭਿਆਚਾਰ ਨਾਲ ਸਬੰਧ ਸਹਿਹੋਂਦ-ਮੂਲਕ ਬਿਰਤੀ ਵਾਲਾ ਹੋਣਾ ਚਾਹੀਦਾ ਹੈ ਅਤੇ ਮੂਲ ਸਭਿਆਚਾਰ ਪ੍ਰਤੀ ਆਲੋਚਨਾਤਮਕ ਬਿਰਤੀ ਹੋਣੀ ਚਾਹੀਦੀ ਹੈ।ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਸਭਿਆਚਾਰ ਸਮਾਜ ਵਿਚੋਂ ਪੈਦਾ ਹੁੰਦਾ ਹੈ। ਸਭਿਆਚਾਰ ਵਿਚ ਅਦਾਨ-ਪ੍ਰਦਾਨ ਦੀ ਬਿਰਤੀ ਹੋਣੀ ਚਾਹੀਦੀ ਹੈ ਜੋ ਕਿ ਇਸ ਨੂੰ ਜੀਵੰਤ ਰੱਖਦੀ ਹੈ।ਡਾ. ਗੁਰਮੀਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਸਭਿਆਚਾਰ `ਤੇ ਮੰਡੀਕਰਨ ਭਾਰੂ ਹੈ।ਜਿਸ ਵਿਚ ਮੁਨਾਫ਼ਾ ਕੇਂਦਰਤ ਬਿਰਤੀ ਨੇ ਸਦਾਚਾਰਕ ਕੀਮਤਾਂ ਦਾ ਘਾਣ ਕੀਤਾ ਹੈ।ਇਸ ਮੌਕੇ ਡਾ. ਹਰਜੀਤ ਕੌਰ ਦੀ ਪੁਸਤਕ `ਸੋਨ ਚਿੜੀ` ਦਾ ਲੋਕ-ਅਰਪਣ ਕੀਤਾ ਗਿਆ।ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੇ ਮੰਚ ਸੰਚਾਲਕ ਦੀ ਭੂਮਿਕਾ ਡਾ. ਪਵਨ ਕੁਮਾਰ ਦੁਆਰਾ ਬਾਖੂਬੀ ਨਿਭਾਈ ਗਈ।
ਇਸ ਮੌਕੇ ਡਾ. ਦਲਬੀਰ ਸਿੰਘ, ਡਾ. ਵਿਸ਼ਾਲ, ਡਾ. ਹਰਜੀਤ ਕੌਰ, ਦੀਪ ਦਵਿੰਦਰ, ਅਰਤਿੰੰਦਰ ਸੰਧੂ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਰਹੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …