ਵਰਕਸ਼ਾਪ ਨਵੇਂ ਸਿਖਾਂਦਰੂ ਕਹਾਣੀਕਾਰਾਂ ਲਈ ਬਣੇਗੀ ਸੰਜੀਵਨੀ ਬੂਟੀ – ਡਾ. ਕਜ਼ਾਕ
ਸਮਰਾਲਾ, 7 ਮਾਰਚ (ਪ.ਪ) : ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਕਹਾਣੀਕਾਰ ਸੁਖਜੀਤ ਦੀ ਰਹਿਨੁਮਾਈ ਹੇਠ ਸਾਹਿਤ ਸਭਾ (ਰਜਿ:) ਸਮਰਾਲਾ ਨੇ ਇੱਕ ਨਿੱਗਰ ਅਤੇ ਨਿਵੇਕਲੀ ਪਹਿਲਕਦਮੀ ਕਰਦੇ ਹੋਏ ‘ਕਹਾਣੀ- ਵਰਕਸ਼ਾਪ’ ਦੀ ਸ਼ੁਰੂਆਤ ਕੀਤੀ। ਇਸ ਕਹਾਣੀ-ਵਰਕਸ਼ਾਪ ਦੀ ਸ਼ੁਰਆਤ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਉੱਘੇ ਕਹਾਣੀਕਾਰ ਤੇ ਚਿੰਤਕ ਡਾ. ਕ੍ਰਿਪਾਲ ਕਜ਼ਾਕ ਦੀ ਪ੍ਰਧਾਨਗੀ ਹੇਠ ਹੋਈ।ਇਸ ਵਰਕਸ਼ਾਪ ਦਾ ਉਦਘਾਟਨ ਸ੍ਰੀ ਗੁਰਭਜਨ ਸਿੰਘ ਗਿੱਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਕਹਾਣੀਕਾਰ ਮੁਖਤਿਆਰ ਸਿੰਘ ਅਤੇ ਜਗਦੀਸ਼ਪਾਲ ਸਿੰਘ ਨੇ ਸ਼ਿਰਕਤ ਕੀਤੀ।
ਵਿਚਾਰ ਚਰਚਾ ਵਿੱਚ ਹਿੱਸਾ ਲੈਣ ਲਈ ਡਾ. ਪਰਮਜੀਤ ਸਿੰਘ, ਡਾ. ਰਵਿੰਦਰ ਸਿੰਘ ਘੁੰਮਣ ਅਤੇ ਡਾ. ਸੁਖਪਾਲ ਕੌਰ ਸਮਰਾਲਾ ਪੁੱਜੇ। ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਜੀ ਆਇਆ ਆਖਿਆ। ਡਾ. ਕ੍ਰਿਪਾਲ ਕਜ਼ਾਕ ਨੇ ਕਹਾਣੀ ਦੇ ਸੂਖਮ ਅਤੇ ਅਹਿਮ ਪੱਖਾਂ ਬਾਰੇ ਦੱਸਿਆ, ਦੀਵਾ ਬਲੇ ਸਾਰੀ ਰਾਤ ਬਾਰੇ ਦੱਸਦਿਆਂ ਕਿਹਾ ਕਿ ਉਸ ਸਮੇਂ ਕਹਾਣੀ ਕਿਵੇਂ ਸੁਣਾਈ ਜਾਂਦੀ ਸੀ ਅਤੇ ਗੱਲ ਕਰਨ ਦੇ ਕੀ ਨਿਯਮ ਸਨ। ਇਸ ਮੌਕੇ ਨੌਜਵਾਨ ਕਹਾਣੀਕਾਰ ਮਨਦੀਪ ਡਡਿਆਣਾ ਨੇ ਆਪਣੀ ਕਹਾਣੀ ‘ਬੜਕ’ ਪੜ੍ਹੀ। ਜਿਸ ਉੱਪਰ ਆਏ ਵਿਦਵਾਨਾਂ ਨੇ ਨਿੱਠ ਕੇ ਚਰਚਾ ਕੀਤੀ। ਕਹਾਣੀ ਬਾਰੇ ਚਰਚਾ ਕਰਦਿਆਂ ਡਾ. ਪਰਮਜੀਤ, ਡਾ. ਰਵਿੰਦਰ ਘੁੰਮਣ ਅਤੇ ਡਾ. ਸੁਖਪਾਲ ਕੌਰ ਸਮਰਾਲਾ ਨੇ ਕਹਾਣੀ ਕਲਾ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ, ਉਨ੍ਹਾਂ ਕਹਾਣੀ ਵਿੱਚ ਅਲੋਚਕ ਅਤੇ ਸਿਰਜਕ ਦੀ ਭੂਮਿਕਾ ਬਾਰੇ ਵੀ ਦੱਸਿਆ। ਗੁਰਭਜਨ ਸਿੰਘ ਗਿੱਲ ਨੇ ਸਾਹਿਤ ਸਭਾ ਸਮਰਾਲਾ ਵੱਲੋਂ ਵਿੱਢੇ ਇਸ ਨਿਵੇਕਲੇ ਉਪਰਾਲੇ ਲਈ ਵਧਾਈ ਦਿੱਤੀ ਅਤੇ ਸਾਹਿਤ ਬਾਰੇ ਨਵੇਂ ਕਹਾਣੀਕਾਰਾਂ ਨੂੰ ਕਾਫੀ ਸੁਝਾਅ ਦਿੱਤੇ। ਕਹਾਣੀ-ਵਰਕਸ਼ਾਪ ਵਿੱਚ ਸਿੱਖਣ ਦੀ ਲਾਲਸਾ ਨਾਲ ਆਏ ਆਪ ਮੁਹਾਰੇ ਸਾਹਿਤ ਪ੍ਰੇਮੀ ਕਾਫੀ ਖੁਸ਼ ਦਿਖਾਈ ਦਿੱਤੇ, ਕਿਉਂਕਿ ਅਜਿਹੀ ਵਰਕਸ਼ਾਪ ਲੱਗਣਾ ਸੰਜੀਵਨੀ ਬੂਟੀ ਦਾ ਕੰਮ ਕਰੇਗੀ, ਪਹਿਲੀ ਵਰਕਸ਼ਾਪ ਦੌਰਾਨ ਹੀ ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ। ਇਸ ਮੌਕੇ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਨਵੇਂ ਉਭਰ ਰਹੇ ਕਹਾਣੀਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਉਹ ਸਮਰਾਲਾ ਇਲਾਕੇ ਦੇ ਉਭਰ ਰਹੇ ਕਹਾਣੀਕਾਰਾਂ ਦੀ ਸਹਾਇਤਾ ਲਈ ਉਹ ਹਮੇਸ਼ਾਂ ਤਿਆਰ ਹਨ, ਬੱਸ ਉਹ ਲਿਖਣ ਦੇ ਨਾਲ ਨਾਲ ਪੜ੍ਹਨ ਨੂੰ ਵੀ ਤਰਜ਼ੀਹ ਦੇਣ। ਵਰਕਸ਼ਾਪ ਵਿੱਚ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਾਹਿਤ ਸਭਾ ਸਮਰਾਲਾ ਲਈ ਵੱਡੀ ਵਿੱਤੀ ਸਹਾਇਤਾ ਵੀ ਦਿੱਤੀ ਅਤੇ ਕਿਹਾ ਕਿ ਸਾਹਿਤ ਸਭਾ ਸਮਰਾਲਾ ਵੱਲੋਂ ਜੋ ਪੰਜਾਬੀ ਸਾਹਿਤ ਦੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਇਹ ਪੜ੍ਹਨ ਲਿਖਣ ਵਾਲੀ ਨੌਜਵਾਨੀ ਲਈ ਕਾਫੀ ਲਾਹੇਵੰਦ ਹੈ।
ਕਹਾਣੀ ਵਰਕਸ਼ਾਪ ਵਿੱਚ ਉਪਰੋਕਤ ਤੋਂ ਇਲਾਵਾ ਅਮਨ ਸਮਰਾਲਾ , ਗੁਰਦੀਪ ਮਹੌਣ, ਜਸਦੇਵ ਜੱਸ, ਸ਼ਹਿਜੀਤ ਸਿੰਘ ਕੰਗ, ਲਖਵਿੰਦਰਪਾਲ ਸਿੰਘ ਖਾਲਸਾ, ਯਤਿੰਦਰ ਕੌਰ ਮਾਹਲ, ਜਸਵੰਤ ਸਿੰਘ, ਤਰਨ ਬੱਲ, ਰਵਿੰਦਰ ਰੁਪਾਲ ਕੌਲਗੜ੍ਹ, ਮਨਜੀਤ ਸਿੰਘ ਧੰਜਲ, ਸੁਰਜੀਤ ਵਿਸ਼ਦ, ਗੁਰਭਗਤ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਆਰਿਫ, ਬਲਕਾਰ ਸਿੰਘ, ਅਮਰਦੀਪ ਸਿੰਘ, ਰਾਜ ਸਿੰਘ ਬਧੌਛੀ, ਕੁਲਵਿੰਦਰ ਸਿੰਘ ਹਾਜਰ ਸਨ। ਅਖੀਰ ਵਿੱਚ ਆਏ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਕਹਾਣੀਕਾਰ ਸੁਖਜੀਤ ਵੱਲੋਂ ਧੰਨਵਾਦ ਕੀਤਾ ਗਿਆ।