ਖੇਡ ਮੇਲੇ ਦੀ ਕਵਰੇਜ਼ ਕਰਨ ਗਏ ਪੱਤਰਕਾਰ ਦਾ ਮੋਟਰਸਾਇਕਲ ਚੋਰੀ
ਸਮਰਾਲਾ, 9 ਮਾਰਚ (ਇੰਦਰਜੀਤ ਸਿੰਘ ਕੰਗ) – ਪਿੱਛਲੇ ਕੁੱਝ ਮਹੀਨਿਆਂ ਤੋਂ ਸਮਰਾਲਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਚੋਰਾਂ ਦੇ ਹੌਸਲੇ ਇੰਨੇ ਜਿਆਦਾ ਵਧ ਚੁੱਕੇ ਹਨ, ਉਹ ਹੁਣ ਵੱਡੇ-ਵੱਡੇ ਇਕੱਠਾਂ ਵਿੱਚੋਂ ਵਾਹਨ ਚੋਰੀ ਕਰਕੇ ਸਾਫ ਨਿਕਲ ਜਾਂਦੇ ਹਨ।ਘਰਾਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ, ਰਾਹ ਜਾਂਦੇ ਰਾਹਗੀਰਾਂ ਦੀ ਲੁੱਟ ਖੋਹਾਂ ਤਾਂ ਆਮ ਹੋ ਗਈਆਂ ਹਨ।ਪ੍ਰੰਤੂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਮਰਾਲਾ ਪੁਲਿਸ ਨੂੰ ਇਸ ਦੀ ਕੋਈ ਸਾਰ ਹੀ ਨਹੀਂ ਹੈ, ਜਾਂ ਫਿਰ ਕੋਈ ਸਿਰਦਰਦੀ ਲੈਣਾ ਹੀ ਨਹੀਂ ਚਾਹੁੰਦੀ।ਬੀਤੀ ਸ਼ਾਮ ਇੱਥੋਂ ਨਜਦੀਕੀ ਪਿੰਡ ਲੋਪੋਂ ਵਿਖੇ ਖੇਡ ਮੇਲੇ ਦੀ ਕਵਰੇਜ਼ ਕਰਨ ਗਏ ਪੱਤਰਕਾਰ ਦਰਸ਼ਨ ਸਿੰਘ ਬੌਂਦਲੀ ਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਨੰ: ਪੀ. ਬੀ. 10 ਜੀ.ਸੀ-5265 ਅਤੇ ਇੱਕ ਹੋਰ ਮੋਟਰਸਾਈਕਲ ਨੰਬਰ ਪੀ.ਬੀ 43-7448 ਭਰੇ ਮੇਲੇ ਵਿਚੋਂ ਚੋਰੀ ਕਰਕੇ ਲੈ ਗਏ।ਜਿਕਰਯੋਗ ਹੈ ਕਿ ਇਸ ਮੇਲੇ ਵਿੱਚ ਸਮਰਾਲਾ ਪੁਲਿਸ ਦੇ ਉਚ ਅਧਿਕਾਰੀ ਵੀ ਆਪਣੀ ਗਾਰਦ ਸਮੇਤ ਪੁੱਜੇ ਹੋਏ ਸਨ।ਪਰ ਚੋਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਭੈਅ ਨਹੀਂ ਰਿਹਾ।