Thursday, September 28, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਲੈਕਟ੍ਰੌਨਿਕਸ ਤਕਨੀਕੀ ਵਿਭਾਗ ਦੁਆਰਾ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਸਿੱਖਿਆ ਮੰਤਰਾਲਾ (ਭਾਰਤ ਸਰਕਾਰ) ਨਵੀਂ ਦਿੱਲੀ ਦੇ ਸਹਿਯੋਗ ਅਤੇ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ “ਤਕਨੀਕੀ ਸਿੱਖਿਆ ਵਿੱਚ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ 2020) ਅਤੇ ਪੰਜਾਬੀ ਵਿਚ ਤਕਨੀਕੀ ਸ਼ਬਦਾਵਲੀ ਦਾ ਲਾਗੂ ਕਰਨ” ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ 10 ਮਾਰਚ 2023 ਨੂੰ ਕੀਤਾ ਗਿਆ।
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਡਾ. ਰਵਿੰਦਰ ਕੁਮਾਰ (ਮੁਖੀ ਇਲੈਕਟ੍ਰੌਨਿਕਸ ਤਕਨੀਕੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।ਸਮਾਗਮ ਦੇ ਮੁੱਖ ਮਹਿਮਾਨ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਵਿਭਿੰਨ ਦੇਸ਼ਾਂ ਵਿੱਚ ਸਿੱਖਿਆ ਦਾ ਮਾਧਿਅਮ ਮਾਤ-ਭਾਸ਼ਾ ਹੈ।ਇਸ ਤਰ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਵੀ ਮਾਤ-ਭਾਸ਼ਾ ਵਿੱਚ ਤਕਨੀਕੀ ਵਿਸ਼ਿਆਂ ਦਾ ਗਿਆਨ ਪ੍ਰਦਾਨ ਕਰਨਾ ਹੈ।ਡਾ. ਰਵਿੰਦਰ ਸਿੰਘ ਸਾਹਨੀ (ਡੀਨ ਫੈਕਲਟੀ ਇੰਜੀਨਰਿੰਗ ਅਤੇ ਤਕਨਾਲੋਜੀ) ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਸਥਾਨਕ ਭਾਸ਼ਾਵਾਂ ਨੂੰ ਗਿਆਨ ਦੀ ਭਾਸ਼ਾ ਬਣਾਉਣਾ ਹੈ। ਵਿਗਿਆਨ ਅਤੇ ਤਕਨੀਕੀ ਵਿਸ਼ਿਆਂ ਦਾ ਗਿਆਨ ਮਾਤ-ਭਾਸ਼ਾਵਾਂ ਵਿੱਚ ਦੇਣਾ ਹੀ ਇਸ ਦਾ ਮੁੱਖ ਟੀਚਾ ਹੈ।ਡਾ. ਮਨਜਿੰਦਰ ਸਿੰਘ (ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਇਸ ਸਮਾਗਮ ਵਿੱਚ ਬੋਲਦਿਆ ਕਿਹਾ ਕਿ ਦੁਨੀਆਂ ਵਿੱਚ 14 ਕਰੋੜ ਤੋਂ ਵੱਧ ਪੰਜਾਬੀ ਭਾਸ਼ਾ ਦੇ ਬੁਲਾਰੇ ਹਨ, ਜਿਨ੍ਹਾਂ ਵਿਚੋਂ ਤਿੰਨ ਕਰੋੜ ਤੋਂ ਵੱਧ ਭਾਰਤ ਵਿੱਚ ਹਨ, 8 ਕਰੋੜ ਤੋਂ ਵੱਧ ਪਾਕਿਸਤਾਨ ਵਿੱਚ ਹਨ ਅਤੇ ਬਾਕੀ ਇਹਨਾਂ ਤੋਂ ਇਲਾਵਾਂ ਹੋਰ ਦੇਸ਼ਾਂ ਵਿੱਚ ਹਨ।ਮਾਤ ਭਾਸ਼ਾ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਇਸਨੂੰ ਗਿਆਨ ਦੀ ਭਾਸ਼ਾ ਬਣਾਇਆ ਜਾਵੇ।ਇਸ ਦੇ ਮੱਦੇਨਜ਼ਰ ਹੀ ਰਾਸ਼ਟਰੀ ਸਿੱਖਿਆ ਨੀਤੀ ਵਿਚ ਭਾਸ਼ਾ ਦੇ ਮਹੱਤਵ ਨੂੰ ਸਮਝਦਿਆਂ ਕਈ ਨਵੇਂ ਪ੍ਰੋਗਰਾਮ ਉਲੀਕੇ ਗਏ ਹਨ।

ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਚੇਅਰਮੈਨ ਡਾ. ਗਿਰਿਸ਼ ਨਾਥ ਝਾਅ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਉਲੀਕੇ ਗਏ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਮੁੱਖ ਮੰਤਵ ਤਕਨੀਕੀ ਵਿਸ਼ਿਆਂ ਦਾ ਗਿਆਨ ਖੇਤਰੀ ਭਾਸ਼ਾਵਾਂ ਵਿੱਚ ਉਪਲੱਬਧ ਕਰਵਾਉਣਾ ਹੈ।ਜਿਸ ਰਾਹੀਂ ਭਾਰਤੀ ਭਾਸ਼ਾਈ ਵੰਨਸੁਵੰਨਤਾ ਉਜਾਗਰ ਹੋਵੇਗੀ, ਜੋ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਵੀ ਹੈ।ਅਸ਼ੋਕ ਸਿਲਵਟਕਰ (ਅਸਿਸਟੈਂਟ ਡਾਇਰੈਕਟਰ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਭਾਰਤ ਸਰਕਾਰ) ਨੇ ਵੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿਚ ਮਾਤ ਭਾਸ਼ਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਉਦਘਾਟਨੀ ਸਮਾਰੋਹ ਦੇ ਅੰਤ ‘ਚ ਡਾ. ਸੁਖਲੀਨ ਬਿੰਦਰਾ ਨਾਰੰਗ (ਆਨਰੇਰੀ ਪ੍ਰੋਫ਼ੈਸਰ ਇਲੈਕਟ੍ਰੌਨਿਕਸ ਤਕਨੀਕੀ ਵਿਭਾਗ) ਨੇ ਆਏ ਹੋਏ ਮਹਿਮਾਨਾਂ ਦਾ ਰਸਮੀਂ ਧੰਨਵਾਦ ਕੀਤਾ।
ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ ਪ੍ਰੋਫੈਸਰ (ਡਾ.) ਅਮਿਤ ਕੌਟਸ (ਐਜੂਕੇਸ਼ਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੇ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਬੋਲਦਿਆਂ ਕਿਹਾ ਕਿ ਇਹ ਨੀਤੀ ਗੁਣਾਤਮਕ ਸਿੱਖਿਆ `ਤੇ ਕੇਂਦਰਤ ਹੈ।ਇਹ ਅੰਤਰ-ਅਨੁਸ਼ਾਸਨੀ ਪਹੁੰਚ ਦੀ ਅਨੁਸਾਰੀ ਹੈ।ਇਸ ਰਾਹੀਂ ਖੇਤਰੀ ਭਾਸ਼ਾਵਾਂ ਨੂੰ ਖ਼ਾਸ ਪਛਾਣ ਮਿਲੇਗੀ।ਡਾ. ਮਨਜਿੰਦਰ ਸਿੰਘ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ-ਭਾਸ਼ਾ ਵਿਸ਼ੇ `ਤੇ ਬੋਲਦਿਆਂ ਕਿਹਾ ਕਿ ਮਾਤ-ਭਾਸ਼ਾ ਬੱਚਾ ਸੁੱਤੇ ਸਿੱਧ ਗ੍ਰਹਿਣ ਕਰਦਾ ਹੈ, ਜਦਕਿ ਦੂਜੀ ਭਾਸ਼ਾ ਨੂੰ ਉਚੇਚ ਨਾਲ ਸਿੱਖਣਾ ਪੈਂਦਾ ਹੈ, ਜਿਸ ਦਾ ਆਧਾਰ ਕੁੱਝ ਨਿਯਮ ਹੁੰਦੇ ਹਨ।ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ-ਭਾਸ਼ਾ ਨੂੰ ਗਿਆਨ ਦੀ ਭਾਸ਼ਾ ਬਣਾ ਦੇਣ ਨਾਲ ਸਿਖਿਆਰਥੀ ਅੰਦਰ ਗਿਆਨ ਪ੍ਰਤੀ ਅਸੀਮਤ ਸੂਝ ਵਿਕਸਤ ਹੋਵੇਗੀ ਤੇ ਉਹ ਡੂੰਘਾਈ ਨਾਲ ਉਸ ਵਿਸ਼ੇ ਵਿੱਚ ਮੁਹਾਰਤ ਹਾਸਲ ਕਰ ਸਕਦਾ ਹੈ।

 

 

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …