Wednesday, January 15, 2025

ਵਾਈ 20 ਦੇ ਮਹਿਮਾਨਾਂ ਦਾ ਫੁੱਲਾਂ ਦਾ ਮੇਲਾ ਵੀ ਕਰੇਗਾ ਸਵਾਗਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੁੱਲਾਂ ਦਾ ਮੇਲਾ ਕੱਲ੍ਹ ਤੋਂ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਦੋ ਵਾਰ ਕਰਵਾਏ ਜਾਂਦੇ ਫੁੱਲਾਂ ਦੇ ਮੇਲੇ ਦੀ ਸ਼ੁਰੂਆਤ 14 ਮਾਰਚ ਤੋਂ ਹੋ ਰਹੀ ਹੈ।ਜਿਥੇ ਕੱਲ੍ਹ ਵਾਈ 20 ਸਬੰਧੀ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ ਹੋ ਰਹੀ ਹੈ ਉਥੇ ਫੁੱਲਾਂ ਦਾ ਮੇਲਾ ਆਪਣੀ ਵਿਸ਼ੇਸ ਖਿਚ ਪੈਦਾ ਕਰੇਗਾ।ਦੋਵਾਂ ਮੇਲਿਆਂ ਦੀ ਖਾਸੀਅਤ ਇਹ ਹੈ ਕਿ ਇੱਕ ਪ੍ਰਕਿਰਤੀ ਨਾਲ ਜੁੜਨ ਦੀ ਚਿਣਗ ਪੈਂਦਾ ਕਰੇਗਾ ਅਤੇ ਦੂਸਰਾ ਮਿਲ-ਜੁਲ ਕੇ ਅੱਗੇ ਵਧਣ ਦਾ ਹੋਕਾ ਦੇਵੇਗਾ।ਇਨ੍ਹਾਂ ਦੋਵਾਂ ਮੇਲਿਆਂ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇਹ ਬਹੁਤੇ ਮੇਲਿਆਂ ਵਾਂਗ ਮਹਿਜ਼ ਤੁਰਨ ਫਿਰਨ ਤੱਕ ਹੀ ਸੀਮਤ ਨਹੀਂ, ਸਗੋਂ ਆਪਣੀ ਪੈੜਾਂ ਛੱਡਣ ਵਾਲੇ ਹਨ।ਭਾਰਤ ਨੂੰ ਪਹਿਲੀ ਵਾਰ ਜੀ-20 ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲ ਰਿਹਾ ਹੈ।ਇਸ ਦੀ ਸ਼ਰੂਆਤ 1 ਦਸੰਬਰ 2022 ਤੋਂ ਹੋਈ ਹੈ ਜੋ 30 ਨਵੰਬਰ 2023 ਤੱਕ ਚੱਲਣੀ ਹੈ।ਇਸ ਦਾ ਹਰ ਸਾਲ ਲੱਗਣ ਵਾਲੇ ਫੁੱਲਾਂ ਦੇ ਮੇਲੇ ਨਾਲ ਸਬੱਬੀ ਮੇਲ ਹੋ ਗਿਆ ਹੈ। ਯੂਨੀਵਰਸਿਟੀ ਦੇ ਫੁੱਲਾਂ ਦੇ ਮੇਲੇ ਪਿਛਲੇ ਪੰਜ ਸਾਲ ਤੋਂ ਕੁਦਰਤ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦੀ ਸਫਲਤਾ ਗਵਾਹੀ ਭਰਦੇ ਆ ਰਹੇ ਹਨ।2010 ਤੋਂ ਜੀ-20 ਮਨੁੱਖਤਾ ਜ਼ਿੰਦਾਬਾਦ ਦੇ ਹੱਕ ਵਿੱਚ ਨਾਅਰੇ ਬੁਲੰਦ ਕਰਦਾ ਆ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈੰਪਸ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਇਕਲੌਤਾ ਕੈੰਪਸ ਹੈ ਜਿਸ ਦੇ ਵਿੱਚ ਬਹੁਤ ਸਾਰੇ ਰੁੱਖਾਂ ਅਤੇ ਬੂਟਿਆਂ ਦਾ ਕਿਊਆਰ ਕੋਡ ਬਣਾ ਦਿੱਤਾ ਗਿਆ ਹੈ। ਹਰੇਕ ਬੂਟੇ ਦੇ ਨਾਲ ਲੱਗੇ ਕਿਊਆਰ ਕੋਡ ਨੂੰ ਸਕੈਨ ਕਰਦਿਆਂ ਹੀ ਸਾਰੀ ਜਾਣਕਾਰੀ ਮੋਬਾਇਲ ਵਿੱਚ ਆ ਜਾਂਦੀ ਹੈ।ਖੇਤੀਬਾੜੀ ਅਤੇ ਪੌਦਾ ਵਿਗਿਆਨ ਨਾਲ ਸਬੰਧ ਅਨੇਕਾਂ ਖੋਜਾਂ ਦੇ ਦੌਰ ਦਾ ਹੀ ਨਤੀਜਾ ਹੈ ਕਿ ਕੇਲਾ, ਸੇਬ, ਕੇਸਰ ਅਤੇ ਹੋਰ ਕਈ ਫਸਲਾਂ ਦੀ ਕਾਸ਼ਤਕਾਰੀ ਪੰਜਾਬ ਵਿੱਚ ਸੰਭਵ ਕਰਵਾਉਣ ਲਈ ਯੂਨੀਵਰਸਿਟੀ ਦੇ ਵਿਦਵਾਨਾਂ ਵਲੋਂ ਸਫਲਤਾ ਦੇ ਝੰਡੇ ਗੱਡੇ ਹਨ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰੁੱਖਾਂ ਦੇ ਪੱਤਿਆਂ ਅਤੇ ਰਹਿਦ ਖੂੰਹਦ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।ਕੂੜਾ ਕਰਕਟ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ।ਵਰਤੋਂ ਵਿੱਚ ਲਿਆਂਦੇ ਪਾਣੀ ਨੂੰ ਵੀ ਟਰੀਟ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।ਇਸੇ ਬਾਰੇ ਹੀ ਵਾਈ-20 ਦੇ 15 ਮਾਰਚ ਨੂੰ ਹੋਣ ਵਾਲੇ ਪੈਨਲ ਡਿਸਕਸ਼ਨ ਦੇ ਇੱਕ ਸ਼ੈਸਨ ਦਾ ਉਪ-ਥੀਮ ਹੈ।
ਯੂਨੀਵਰਸਿਟੀ ਵਲੋਂ ਸਾਲ ਵਿਚ ਦੋ ਵਾਰ ਦਸੰਬਰ ਅਤੇ ਮਾਰਚ ਮਹੀਨੇ ਵਿੱਚ ਫੁੱਲਾ ਦਾ ਮੇਲਾ ਲਗਾਇਆ ਜਾਂਦਾ ਹੈ।ਬਸੰਤ ਰੁੱਤ ਦਾ ਫੁੱਲਾਂ ਦਾ ਮੇਲਾ ਹਰ ਸਾਲ ਮਾਰਚ ਮਹੀਨੇ ਵਿੱਚ ਲਗਾਇਆ ਜਾਂਦਾ ਹੈ।ਜਿਸ ਵਿੱਚ ਵੱਖ-ਵੱਖ ਕਿਸਮ ਦੇ ਮੌਸਮੀ ਫੁੱਲਾਂ ਜਿਵੇਂ ਕਿ ਪੇਟੁਨੀਆਂ, ਪੈਨਸੀ, ਸਾਲਵੀਆ, ਵਰਬੀਨਾ ਆਦਿ ਅਤੇ ਸਦਾ ਬਹਾਰ ਸਜਾਵਟੀ ਪੌਦਿਆਂ ਦੀ ਪ੍ਰਦਰਸ਼ਨੀ ਅਤੇ ਮੁਕਾਬਲਾ ਕਰਾਇਆ ਜਾਂਦਾ ਹੈ।
ਫੁੱਲਾਂ ਦੇ ਮੇਲਿਆਂ ਦੇ ਕਾਰਨ ਬਹੁਤ ਸਾਰੇ ਕੁਦਰਤ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਬਣੇ ਜਿਨ੍ਹਾਂ ਨਾਲ ਰਲ ਕੇ ਯੂਨੀਵਰਸਿਟੀ ਵਿੱਚ ਜੰਗਲ ਲਗਾਉਣ ਦਾ ਬੀੜਾ ਚੁੱਕਿਆ ਗਿਆ ਹੈ।ਯੂਨੀਵਰਸਿਟੀ ਕੈੰਪਸ ਵਿੱਚ ਇਹ ਉਪਰਾਲਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀ ਬਦੌਲਤ ਸੰਭਵ ਹੋਇਆ ਹੈ।ਯੂਨੀਵਰਸਿਟੀ ਦਾ ਮਾਤਾ ਕੌਲਾਂ ਬੋਟੈਨੀਕਲ ਗਾਰਡਨ, ਖੇਤੀਬਾੜੀ ਵਿਭਾਗ ਅਤੇ ਲੈੰਡਸਕੇਪ ਵਿਭਾਗ ਦੀਆਂ ਕੋਸ਼ਿਸ਼ਾਂ ਯੂਨੀਵਰਸਿਟੀ ਦਾ ਮਾਹੌਲ ਹੋਰ ਕੁਦਰਤ ਦੇ ਨੇੜੇ ਰਹਿਣ ਦੇ ਅਹਿਸਾਸ ਨੂੰ ਭਰ ਰਹੀਆਂ ਹਨ।
ਯੂਨੀਵਰਸਿਟੀ ਦੇ ਕੈਂਪਸ ਵਿੱਚ 14 ਮਾਰਚ ਤੋਂ ਸ਼ੁਰੂ ਹੋ ਰਹੇ ਦੋਵਾਂ ਮੇਲਿਆਂ ਦਾ ਸਵਾਗਤ ਹੈ।ਦੋਵਾਂ ਮੇਲਿਆਂ ਦੌਰਾਨ ਯੂਨੀਵਰਸਿਟੀ ਕੈਂਪਸ ਦਾ ਵਿਹੜਾ ਇੱਕ ਪਾਸੇ ਜਿਥੇ ਜੀ-20 ਦੇਸ਼ਾਂ ਦੇ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਬਾਗੋ-ਬਾਗ ਰਹੇਗਾ, ਉਥੇ ਫੁੱਲਾਂ ਦੀ ਮਹਿਕ ਨਾਲ ਕੈਂਪਸ ਭਰਿਆ ਰਹੇਗਾ।ਵਾਈ-20 ਸਿਖਰ ਸੰਮੇਲਨ ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿੱਚ ਹੋਣਾ ਜਦਕਿ ਫੁੱਲਾਂ ਦਾ ਮੇਲਾ ਭਾਈ ਗੁਰਦਾਸ ਲਾਈਬ੍ਰੇਰੀ ਦੇ ਸਾਹਮਣੇ ਲੱਗਣਾ ਹੈ ।

 

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …