ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ) – ਅਕਾਲੀ ਫੂਲਾ ਸਿੰਘ ਜੀ ਦੀ 200 ਸਾਲਾ ਬਰਸੀ ਸ਼ਤਾਬਦੀ ‘ਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਆਪਣੇ ਸੰਬੋਧਨ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਖਾਲਸਾ ਰਾਜ ਦੇ ਥੰਮ੍ਹ ਸਨ, ਜਿਨ੍ਹਾਂ ਦੀ ਸ਼ਹਾਦਤ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਵਿਰਾਗ ਵਿਚ ਆ ਕੇ ਕਿਹਾ ਸੀ ਕਿ ਸਿੱਖ ਰਾਜ ਦਾ ਇਕ ਮਹਾਨ ਨਾਇਕ ਤੁਰ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਜੀ ਦਾ ਸਾਰਾ ਜੀਵਨ ਖਾਲਸਾ ਰਾਜ ਅਤੇ ਸਿੱਖ ਪੰਥ ਦੀ ਸਲਾਮਤੀ ਵਾਸਤੇ ਸੀ, ਜਿਸ ਨੂੰ ਵਰਤਮਾਨ ਪੀੜ੍ਹੀ ਦੇ ਰੂਬਰੂ ਕਰਵਾਉਣਾ ਬਹੁਤ ਅਹਿਮ ਹੈ।ਉਨ੍ਹਾਂ ਕਿਹਾ ਕਿ ਅਕਾਲੀ ਸ਼ਬਦ ਬਾਬਾ ਫੂਲਾ ਸਿੰਘ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਜਰਨੈਲੀ ਦਿੱਖ ਨੂੰ ਹੂਬਹੂ ਪ੍ਰਭਾਸ਼ਤ ਕਰਦਾ ਹੈ।ਅਕਾਲੀ ਹੋਣਾ ਆਮ ਗੱਲ ਨਹੀਂ ਹੈ, ਇਹ ਦੈਵੀ ਗੁਣਾਂ ਅਤੇ ਇਕ ਕਰਤਾਰੀ ਸ਼ਕਤੀ ਦਾ ਲਖਾਇਕ ਹੈ। ਅੱਜ ਅਕਾਲੀ ਬਾਬਾ ਫੂਲਾ ਸਿੰਘ ਦੇ ਕਿਰਦਾਰ ਨੂੰ ਸਮਝਣ ਅਤੇ ਸਿੱਖ ਚੇਤਨਤਾ ਦਾ ਹਿੱਸਾ ਬਣਾਉਣ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਨੌਜੁਆਨੀ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਣ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਅੱਜ ਦੇ ਸ਼ੋਸ਼ਲ ਮੀਡੀਆ ਯੁੱਗ ਅੰਦਰ ਕੱਚਘਰੜ ਅਤੇ ਅਗਿਆਨੀ ਲੋਕਾਂ ਵੱਲੋਂ ਪਰੋਸਿਆ ਜਾ ਰਿਹਾ ਵਿਚਾਰ ਸਮਾਜ ਲਈ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ। ਸਿੱਖ ਰਹਿਣੀ, ਗੁਰੂ ਹੁਕਮ ਅਤੇ ਸਿੱਖ ਪ੍ਰੰਪਰਾਵਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਸੋਚੇ ਸਮਝੇ ਕਿਸੇ ਦੇ ਵਿਚਾਰ ਨੂੰ ਅੱਗੇ ਵਧਾਉਣ ਦੀ ਥਾਂ ਵਿਸ਼ਰਾਮ ਦੇਣ ਦੀ ਲੋੜ ਹੈ।ਗੁਰੂ ਬਖ਼ਸ਼ੀ ਜੀਵਨ ਜਾਚ ਹੀ ਸਿੱਖ ਕਿਰਦਾਰ ਦਾ ਕੇਂਦਰੀ ਧੁਰਾ ਹੈ ਅਤੇ ਹਰ ਸਿੱਖ ਨੂੰ ਇਸੇ ਅਨੁਸਾਰ ਹੀ ਜੀਵਨ ਜਿਊਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀਆਂ ਸੰਸਥਾਵਾਂ ਦੀ ਸਲਾਮਤੀ ਲਈ ਵੀ ਸਭ ਦੇ ਯਤਨ ਵੀ ਬੇਹੱਦ ਲਾਜ਼ਮੀ ਹਨ।ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਜਾਂ ਸਿੱਖ ਪੰਥ ਦੀਆਂ ਮਾਇਨਾਜ਼ ਸੰਪ੍ਰਦਾਵਾਂ ਹੋਣ, ਸਭ ਦੇ ਮਜ਼ਬੂਤ ਹੋਣ ਨਾਲ ਹੀ ਖਾਲਸਾ ਪੰਥ ਦੀ ਮਜ਼ਬੂਤੀ ਹੈ।ਇਸ ਸੰਦਰਭ ਵਿਚ ਅਕਾਲੀ ਬਾਬਾ ਫੂਲਾ ਸਿੰਘ ਦੀ ਦੇਣ ਨੂੰ ਸਮਰਪਿਤ ਹੋਣ ਦੀ ਲੋੜ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …